ਚੰਡੀਗੜ੍ਹ : ਪੰਜਾਬੀ ਗੀਤਾਂ ਵਿਚ ਦਿਨੋ-ਦਿਨ ਵੱਧ ਰਹੀ ਅਸ਼ਲੀਲਤਾ ਨੂੰ ਠੱਲ੍ਹ ਪਾਉਣ ਲਈ ਪੰਜਾਬ ਰਾਜ ਵਿਚ ਫਿਲਮਾਂ ਵਾਂਗ ਹੀ ਗੀਤਾਂ ਲਈ ਵੀ ਸੈਂਸਰ ਬੋਰਡ ਬਣਾਇਆ ਜਾਵੇ ਉਕਤ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਕੀਤਾ ਗਿਆ। ਗੁਲਾਟੀ ਨੇ ਕਿਹਾ ਕਿ ਸਾਡੇ ਸਮਾਜ ਵਿਚ ਗੀਤ ਸੰਗੀਤ ਦਾ ਅਹਿਮ ਰੋਲ ਹੈ ਇਹ ਸਾਡੇ ਰਸਮਾਂ ਰਿਵਾਜਾਂ ਦੇ ਹਿੱਸਾ ਹਨ। ਉਨ੍ਹਾਂ ਕਿਹਾ ਕਿ ਹਨੀ ਸਿੰਘ ਵਲੋਂ ਗਾਏ ਗਏ ਗੀਤ ”ਮੱਖਣਾਂ” ਇਕ ਸ਼ਰਮਨਾਕ ਕਾਰਾ ਹੈ ਕਿਉਂਕਿ ਅੱਜਕੱਲ੍ਹ ਨੌਜਵਾਨ ਪ੍ਰੋਗਰਾਮਾਂ ਵਿਚ ਵੱਜ ਰਹੇ ਸੰਗੀਤ ਉਤੇ ਜਦੋਂ ਨੱਚ ਰਹੇ ਹੁੰਦੇ ਹਨ ਤਾਂ ਉਹ ਗੀਤ ਦੇ ਬੋਲਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਇਸ ਗੀਤ ਦੇ ਬੋਲਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ ਅਤੇ ਇਸ ਗੀਤ ਦੇ ਬੋਲਾਂ ਰਾਹੀਂ ਮਨੁੱਖ ਨੂੰ ਜਨਮ ਦੇਣ ਵਾਲੀ ਔਰਤ ਪ੍ਰਤੀ ਬਹੁਤ ਹੀ ਗੰਦੀਆਂ ਗੱਲਾਂ ਕਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਾਕੀ ਗਾਇਕਾਂ, ਗੀਤਕਾਰਾਂ ਅਤੇ ਪ੍ਰੋਡਿਊਸਰਾਂ ਲਈ ਸਬਕ ਹੋਵੇਗਾ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਗਾਇਕਾਂ ਵਲੋਂ ਜਲਦ ਪ੍ਰਸਿੱਧ ਹੋਣ ਦੇ ਚੱਕਰ ਵਿਚ ਪਰੋਸੇ ਜਾ ਰਹੇ ਗੰਦੇ ਗੀਤਾਂ ਸਬੰਧੀ ਸਮਾਜ ਅਤੇ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਪੁਲਿਸ ਵਲੋਂ ਹਨੀ ਸਿੰਘ ਵਿਰੁਧ ਕਾਨੂੰਨ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਆਰੰਭ ਕਰ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਮੇਸ਼ਾ ਦੀ ਤਰ੍ਹਾਂ ਇਸ ਮਾਮਲੇ ਵਿਚ ਵੀ ਕਮਿਸ਼ਨ ਨੂੰ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਕਮਿਸ਼ਨ ਪੰਜਾਬ ਸਰਕਾਰ ਦੇ ਵਕੀਲਾਂ ਰਾਹੀਂ ਹਨੀ ਸਿੰਘ ਵਲੋਂ ਇਸ ਮਾਮਲੇ ਸਬੰਧੀ ਲਗਾਈ ਜਾ ਰਹੀ ਬੇਲ ਅਰਜ਼ੀ ਨੂੰ ਖਾਰਜ ਕਰਵਾਉਣ ਲਈ ਵੀ ਪੂਰੀ ਸਰਗਰਮੀ ਨਾਲ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਫ਼ਿਲਮਾਂ ਵਾਂਗ ਹੀ ਸਰਟੀਫਿਕੇਟ ਹਾਸਲ ਕਰਨ ਲਈ ਸੈਂਸਰ ਬੋਰਡ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦਾ ਕੋਈ ਗੀਤ ਨਾ ਗਾ ਸਕੇ ਅਤੇ ਉਹ ਪੰਜਾਬ ਰਾਜ ਵਿਚ ਸੈਂਸਰ ਬੋਰਡ ਦੀ ਸਥਾਪਨਾ ਲਈ ਜਲਦ ਹੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਬੇਨਤੀ ਕਰਨਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਮਿਸ਼ਨ ਹਰੇਕ ਗਾਣੇ ਤੇ ਨਜ਼ਰ ਰੱਖੇਗਾ ਤਾਂ ਜੋ ਔਰਤਾਂ ਦੇ ਮਾਣ-ਸਨਮਾਨ ਨੂੰ ਠੇਸ ਨਾ ਪਹੁੰਚ ਸਕੇ।

You must be logged in to post a comment Login