ਪਟਿਆਲਾ ਪਾਤੜਾਂ, 12 ਫਰਵਰੀ- ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਅਤੇ ਕਿਸਾਨ ਅੰਦੋਲਨ-2 ਦੇ ਬੈਨਰ ਹੇਠਾਂ ਅੰਤਰਰਾਜੀ ਬਾਰਡਰਾਂ ’ਤੇ ਜਾਰੀ ਕਿਸਾਨ ਮੋਰਚਿਆਂ ਨੂੰ ਸਾਲ ਪੂਰਾ ਹੋਣ ’ਤੇ ਅੱਜ ਢਾਬੀ ਗੁਜਰਾਂ ਬਾਰਡਰ ’ਤੇ ਵਿਸ਼ਾਲ ਮਹਾਂਪੰਚਾਇਤ ਕੀਤੀ ਗਈ। ਇਸ ਵਿਚ ਪੰਜਾਬ ਅਤੇ ਹਰਿਆਣਾ ਸਮੇਤ ਕਈ ਹੋਰ ਰਾਜਾਂ ਤੋ ਆਏ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ। ਮਹਾਂਪੰਚਾਇਤ ਨੂੰ ਸੰਬੋਧਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ 79 ਦਿਨਾਂ ਤੋਂ ਮਰਨ ਵਰਤ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਹ 14 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਸੱਦੀ ਗਈ ਮੀਟਿੰਗ ਵਿਚ ਸ਼ਾਮਲ ਹੋਣਗੇ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਉਹ ਕਿਸਾਨ ਏਕਤਾ ਦੇ ਮੁਦਈ ਹਨ, ਪਰ ਨਾਲ ਹੀ ਚਾਹੁੰਦੇ ਹਨ ਕਿ ਇਸ ਮੌਜੂਦਾ ਜਾਰੀ ਸੰਘਰਸ਼ ਨੂੰ ਮਜ਼ਬੂਤੀ ਨਾਲ ਲੜ ਕੇ ਜਿੱਤਿਆ ਜਾਵੇ ਤਾਂ ਕਿ ਇਸ ਰਾਹੀਂ ਕਿਸਾਨ ਧਿਰਾਂ ਦੀ ਏਕਤਾ ਹੋਰ ਵੀ ਮਜ਼ਬੂਤ ਹੋ ਸਕੇ।
ਇਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਨੇ ਆਪਣੇ ਟਰਾਲੀਨੁਮਾ ਕਮਰੇ ਵਿਚੋਂ ਹੀ ਮਹਾਂਪੰਚਾਇਤ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੀ ਮਜਬੂਤੀ ਲਈ ਖੇਤੀ ਸੈਕਟਰ ਨੂੰ ਮਜ਼ਬੂਤ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਐਮਐਸਪੀ ਗਰੰਟੀ ਕਾਨੂੰਨ ਅਤੇ ਡਾ. ਸਵਾਮੀਨਾਥਨ ਦੀ ਰਿਪੋਰਟ ਵਿਚਲਾ ਫਾਰਮੂਲਾ ਲਾਗੂ ਕਰਨ ਸਮੇਤ ਹੋਰ ਕਿਸਾਨੀ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿਤਾ।
You must be logged in to post a comment Login