1965 ਦੀ ਜੰਗ ਦੇ ਸ਼ਹੀਦ ਲੈਫ. ਕੁਲਦੀਪ ਸਿੰਘ ਆਹਲੂਵਾਲੀਆ ਨੂੰ ਸੈਨਾ ਵਲੋਂ ਸ਼ਰਧਾਂਜਲੀ ਭੇਟ

1965 ਦੀ  ਜੰਗ ਦੇ ਸ਼ਹੀਦ ਲੈਫ. ਕੁਲਦੀਪ ਸਿੰਘ ਆਹਲੂਵਾਲੀਆ ਨੂੰ ਸੈਨਾ ਵਲੋਂ ਸ਼ਰਧਾਂਜਲੀ ਭੇਟ
ਪਟਿਆਲਾ ਦਾ ਸ਼ਹੀਦ ਲੈਫ. ਕੁਲਦੀਪ ਸਿੰਘ ਆਹਲੂਵਾਲੀਆ ਚੌਂਕ, ਜਿਥੇ ਕਿ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਪਟਿਆਲਾ, 2 ਅਕਤੂਬਰ (ਪ. ਪ)- 1965 ਦੀ ਜੰਗ ਵਿਚ ਸ਼ਹੀਦ ਅਤੇ ਸੈਨਾ ਮੈਡਲ ਵਿਜੇਤਾ ਸ਼ਹੀਦ ਲੈਫ. ਕੁਲਦੀਪ ਸਿੰਘ ਆਹਲੂਵਾਲੀਆ ਨੂੰ ਉਸ ਦੀ ਯਾਦ ਵਿਚ ਬਣੀ ਸੜਕ ਲੈਫ. ਕੁਲਦੀਪ ਸਿੰਘ ਮਾਰਗ ਵਿਖੇ ਅੱਜ ਆਰਮੀ ਪਲਟਨ ਦੇ ਜਵਾਨਾਂ ਅਤੇ ਅਫਸਰਾਂ ਵਲੋਂ ਸਲਾਮੀ ਦੇ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੈਫ. ਕੁਲਦੀਪ ਸਿੰਘ ਆਹਲੂਵਾਲੀਆ 1965 ਦੀ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਸਨ। ਸ਼ਹੀਦੀ ਮਗਰੋਂ ਉਨ੍ਹਾਂ ਦੀ ਯਾਦਗਾਰ ਵਜੋਂ ਉਸ ਸਮੇਂ ਦੀ ਸਰਕਾਰ ਵਲੋਂ ਇਸ ਚੌਂਕ ਦਾ ਨਾਮ ਸ਼ਹੀਦ ਲੈਫ. ਕੁਲਦੀਪ ਸਿੰਘ ਆਹਲੂਵਾਲੀਆ ਮਾਰਗ ਰੱਖਿਆ ਗਿਆ ਸੀ, ਜੋ ਕਿ ਰਾਘੋ ਮਾਜਰਾ ਨੇੜੇ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਲੈਫ. ਕੁਲਦੀਪ ਸਿੰਘ ਆਹਲੂਵਾਲੀਆ ਸ਼ਹੀਦ ਹੋਏ ਸਨ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਨੇ ਹੱਥੀ ਲਿਖੀ ਚਿੱਠੀ ਸ਼ਰਧਾਂਜਲੀ ਅਰਪਿਤ ਕਰਨ ਲਈ ਪਰਿਵਾਰ ਨੂੰ ਭੇਜੀ ਸੀ। ਪਰਿਵਾਰ ਕੋਲ ਸ਼ਹੀਦੀ ਮੋਰਚੇ ਦੀ  ਮਿੱਟੀ ਅਤੇ ਸ਼ਹੀਦੀ ਵੇਲੇ ਦੀ ਦਸਤਾਰ ਪਰਿਵਾਰ ਨੇ ਹੁਣ ਤੱਕ ਸਾਂਭ ਕੇ ਰੱਖੀਆਂ ਹੋਈਆਂ ਹਨ। ਮਾਪੇ ਮੋਰਚੇ ’ਤੇ ਖੁਦ ਜਾ ਉਥੋਂ ਸ਼ਹੀਦੀ ਮੋਰਚੇ ਦੀ ਮਿੱਟੀ ਲੈ ਕੇ ਆਏ। ਪਰਿਵਾਰ ਨੇ ਇਹ ਵੀ ਦੱਸਿਆ ਕਿ ਕੁਲਦੀਪ ਸਿੰਘ ਆਪਣੀ ਡਾਇਰੀ ਵਿਚ ਸ਼ਹੀਦੀ ਪ੍ਰਾਪਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ ਤੇ ਵਾਰ ਵਾਰ ਲਿਖਿਆ ਹੈ ਕਿ ਡਾਇਰੀ ਵਿਚ ਲਿਖਿਆ ਹੈ ਕਿ ‘‘ਮੈਂ ਵੀ ਸ਼ਹੀਦਾਂ ਵਿਚੋਂ ਇਕ ਹੁੰਦਾ’’। ਅੰਤ ਵਿਚ ਪਰਿਵਾਰ ਵਲੋਂ ਕਰਨਲ ਇੰਦਰ ਸਿੰਘ ਸਮੇਤ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਰਨਲ ਇੰਦਰ ਸਿੰਘ, ਸ. ਜਸਵੰਤ ਸਿੰਘ ਆਹਲੂਵਾਲੀਆ, ਸ. ਗੁਰਮੀਤ ਸਿੰਘ ਆਹਲੂਵਾਲੀਆ, ਸ. ਪਰਮਜੀਤ ਸਿੰਘ ਆਹਲੂਵਾਲੀਆ, ਸ੍ਰੀਮਤੀ ਗੁਲਸ਼ਨ ਕੌਰ, ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਵਤਨਦੀਪ ਕੌਰ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ।

You must be logged in to post a comment Login