1984 ਸਿੱਖ ਨਸਲਕੁਸ਼ੀ : ਸਿੱਖ ਵਿਰੋਧੀ ਦੰਗਿਆਂ ਦੀ 40ਵੀਂ ਬਰਸੀ ’ਤੇ ਆਸਟਰੇਲੀਆ ਦੇ ਸੰਸਦੀ ਹਾਲ ’ਚ ਸਮਾਗਮ

1984 ਸਿੱਖ ਨਸਲਕੁਸ਼ੀ : ਸਿੱਖ ਵਿਰੋਧੀ ਦੰਗਿਆਂ ਦੀ 40ਵੀਂ ਬਰਸੀ ’ਤੇ ਆਸਟਰੇਲੀਆ ਦੇ ਸੰਸਦੀ ਹਾਲ ’ਚ ਸਮਾਗਮ

ਮੈਲਬਰਨ, 12 ਨਵੰਬਰ- ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਆਸਟਰੇਲੀਅਨ ਫੈਡਰਲ ਪਾਰਲੀਮੈਂਟ ਦੇ ਗ੍ਰੇਟ ਸੰਸਦੀ ਹਾਲ ’ਚ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ‘ਚ ਸਮਾਗਮ ਕਰਵਾਇਆ ਗਿਆ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਉਲੀਕੇ ਗਏ ਇਸ ਸਮਾਗਮ ‘ਚ ਮੁਲਕ ਭਰ ਦੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਫੈਡਰਲ ਸੰਸਦ ਦੇ ਮੈਂਬਰਾਂ, ਰਾਜਸੀ ਪਾਰਟੀਆਂ ਦੇ ਮੁਖੀਆਂ ਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਸਿੱਖ ਮਨਾਂ ’ਤੇ ਉੱਕਰੀ ਸਦੀਵੀ ਯਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਚਾਲ਼ੀ ਸਾਲ ਬੀਤ ਜਾਣ ਦੇ ਬਾਵਜੂਦ ਪੀੜਤ ਧਿਰ ਨੂੰ ਹਾਲ਼ੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਯੂਐਨ ਗਲੋਬਲ ਸਟੀਅਰਿੰਗ ਕਮੇਟੀ ਤੋਂ ਮੈਂਬਰ ਇਕਤਦਾਰ ਚੀਮਾ ਨੇ ਦੁਨੀਆਂ ਭਰ ’ਚ ਹੋਏ ਵੱਖ ਵੱਖ ਨਸਲਘਾਤਾਂ ਦੇ ਸਿੱਖ ਵਿਰੋਧੀ ਦੰਗਿਆਂ ਨਾਲ਼ ਮੇਲ ਖਾਂਦੇ ਵਰਤਾਰਿਆਂ ’ਤੇ ਆਪਣੇ ਵਿਚਾਰ ਰੱਖੇ। ਸਿੱਖ ਫੈਡਰੇਸ਼ਨ ਕੈਨੇਡਾ ਤੋਂ ਮੋਨਿੰਦਰ ਸਿੰਘ ਨੇ ਵਿਦੇਸ਼ੀਂ ਵੱਸਦੇ ਸਿੱਖਾਂ ਨੂੰ ਦਖ਼ਲਅੰਦਾਜ਼ੀ ਕਾਰਨ ਸਾਹਮਣੇ ਆ ਰਹੀਆਂ ਸੁਰੱਖਿਆ ਚੁਣੌਤੀਆਂ ’ਤੇ ਗੱਲ ਕੀਤੀ ਅਤੇ ਆਸਟਰੇਲੀਅਨ ਸਰਕਾਰ ਨੂੰ ਸਿੱਖਾਂ ਦੇ ਸੁਰੱਖਿਆ ਮਾਮਲਿਆਂ ’ਚ ਨਿਰਪੱਖਤਾ ਵਾਲੇ ਪੱਖ ’ਤੇ ਕਾਇਮ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਖੇਤਰੀ ਕੂਈਨਜ਼ਲੈਂਡ ਦੇ ਉੱਘੇ ਸਿਆਸੀ ਆਗੂ ਤੇ ਸੰਸਦ ਮੈਂਬਰ ਬੌਬ ਕੇਟਰ, ਪੱਛਮੀ ਆਸਟਰੇਲੀਆ ਤੋਂ ਸੈਨੇਟ ਮੈਂਬਰ ਦੀਪ ਸਿੰਘ, ਗਰੀਨਜ਼ ਪਾਰਟੀ ਤੋਂ ਸੀਨੀਅਰ ਆਗੂ ਮਹਿਰੀਨ ਫ਼ਾਰੂਕੀ, ਗਰੀਨ ਸੈਨੇਟਰ ਡੇਵਿਡ ਸ਼ੂਬ੍ਰਿਜ, ਸੰਸਦ ਦੀ ਡਿਪਟੀ ਸਪੀਕਰ ਸ਼ੈਰਨ ਕਲੇਡਨ ਤੇ ਹੋਰ ਵੱਖ-ਵੱਖ ਸ਼ਖਸੀਅਤਾਂ ਨੇ ਨਸਲਕੁਸ਼ੀ ਦੇ ਕੌਮਾਂ ’ਤੇ ਚਿਰ ਸਥਾਈ ਪ੍ਰਭਾਵਾਂ ਦਾ ਜ਼ਿਕਰ ਕਰਦਿਆਂ ਭਵਿੱਖ ’ਚ ਅਜਿਹੇ ਵਰਤਾਰਿਆਂ ਨੂੰ ਹਰ ਹਾਲ ਠੱਲ੍ਹਣ ਲਈ ਯਤਨਸ਼ੀਲ ਰਹਿਣ ’ਤੇ ਜ਼ੋਰ ਦਿੱਤਾ।

You must be logged in to post a comment Login