2 ਮਹੀਨੇ ਤੋਂ ਵੱਧ ਸਮਾਂ ਸਮੁੰਦਰ ‘ਚ ਫਸਿਆ ਰਿਹਾ ਸ਼ਖ਼ਸ, ਇੰਝ ਬਚੀ ਜਾਨ

2 ਮਹੀਨੇ ਤੋਂ ਵੱਧ ਸਮਾਂ ਸਮੁੰਦਰ ‘ਚ ਫਸਿਆ ਰਿਹਾ ਸ਼ਖ਼ਸ, ਇੰਝ ਬਚੀ ਜਾਨ

ਸਿਡਨੀ- ਜੇਕਰ ਜਿਉਣ ਦਾ ਜਜ਼ਬਾ ਹੋਵੇ ਤਾਂ ਮੁਸ਼ਕਲ ਹਾਲਾਤ ਨੂੰ ਵੀ ਹਰਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ। ਇੱਥੇ ਸਿਡਨੀ ਨਿਵਾਸੀ ਟਿਮ ਸ਼ੈਡੌਕ ਅਤੇ ਉਸ ਦੇ ਪਾਲਤੂ ਕੁੱਤੇ ਬੇਲਾ ਦਾ ਰੈਸਕਿਊ ਕੀਤਾ ਗਿਆ ਜੋ ਲਗਭਗ 2 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਪ੍ਰਸ਼ਾਂਤ ਮਹਾਸਾਗਰ ਵਿਚ ਫਸੇ ਹੋਏ ਸਨ। ਰਿਪੋਰਟਾਂ ਮੁਤਾਬਕ ਸ਼ੈਡੌਕ ਆਪਣੇ ਕੁੱਤੇ ਨਾਲ ਫ੍ਰੈਂਚ ਪੋਲੀਨੇਸ਼ੀਆ ਜਾ ਰਿਹਾ ਸੀ ਪਰ ਤੂਫਾਨ ‘ਚ ਉਨ੍ਹਾਂ ਦੀ ਕਿਸ਼ਤੀ ਨੁਕਸਾਨੀ ਗਈ, ਜਿਸ ਕਾਰਨ ਉਹ ਦੋਵੇਂ ਫਸ ਗਏ। ਇਸ ਤੋਂ ਬਾਅਦ ਦੋਵੇਂ ਕੱਚੀਆਂ ਮੱਛੀਆਂ ਖਾ ਕੇ ਅਤੇ ਮੀਂਹ ਦਾ ਪਾਣੀ ਪੀ ਕੇ ਜ਼ਿੰਦਾ ਰਹੇ। ਫਿਲਹਾਲ ਡਾਕਟਰਾਂ ਦਾ ਕਹਿਣਾ ਹੈ ਕਿ ਦੋਵੇਂ ਸਿਹਤਮੰਦ ਹਨ।ਰਿਪੋਰਟਾਂ ਅਨੁਸਾਰ 51 ਸਾਲਾ ਸ਼ੈਡੌਕ ਆਪਣੇ ਕੁੱਤੇ ਨਾਲ ਅਪ੍ਰੈਲ ਵਿੱਚ ਮੈਕਸੀਕੋ ਤੋਂ 6,000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨ ਲਈ ਫ੍ਰੈਂਚ ਪੋਲੀਨੇਸ਼ੀਆ ਵੱਲ ਰਵਾਨਾ ਹੋਇਆ ਸੀ। ਹਾਲਾਂਕਿ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਦੀ ਕਿਸ਼ਤੀ ਤੂਫ਼ਾਨ ਦੀ ਚਪੇਟ ਵਿਚ ਆ ਗਈ, ਜਿਸ ਨਾਲ ਕਿਸ਼ਤੀ ਦੇ ਇਲੈਕਟ੍ਰੋਨਿਕਸ ਬੰਦ ਹੋ ਗਏ ਅਤੇ ਦੋਵੇਂ ਮਹਾਸਾਗਰ ਵਿਚਕਾਰ ਫਸ ਗਏ। ਦਿ ਗਾਰਡੀਅਨ ਨੇ ਦੱਸਿਆ ਕਿ 12 ਜੁਲਾਈ ਨੂੰ ਮੈਕਸੀਕਨ ਫਿਸ਼ਿੰਗ ਟਰਾਲਰ ਦੀ ਨਿਗਰਾਨੀ ਕਰਨ ਵਾਲੇ ਹੈਲੀਕਾਪਟਰ ਨੇ ਉਨ੍ਹਾਂ ਨੂੰ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਚਾਇਆ ਗਿਆ। ਸ਼ੈਡੌਕ ਅਤੇ ਬੇਲਾ ਨੇ ਕੱਚੀਆਂ ਮੱਛੀਆਂ ਖਾ ਕੇ ਅਤੇ ਮੀਂਹ ਦਾ ਪਾਣੀ ਪੀ ਕੇ ਆਪਣੇ ਆਪ ਨੂੰ ਜ਼ਿੰਦਾ ਰੱਖਿਆ। ਇਸ ਕਾਰਨ ਸ਼ੈਡੌਕ ਬਹੁਤ ਪਤਲਾ ਹੋ ਗਿਆ ਅਤੇ ਉਸ ਦੀ ਚਿੱਟੀ ਦਾੜ੍ਹੀ ਵੀ ਕਾਫੀ ਵਧ ਗਈ, ਜਿਸ ਕਾਰਨ ਉਸ ਦੀ ਪਛਾਣ ਕਰਨੀ ਮੁਸ਼ਕਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਬਚਾਅ ਤੋਂ ਬਾਅਦ ਡਾਕਟਰ ਨੇ ਸ਼ੈਡੌਕ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਸ ਨੂੰ ਭੋਜਨ ਦੇਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਵਿਚ ਉਹ ਛੋਟੇ ਹਿੱਸਿਆਂ ਵਿਚ ਭੋਜਨ ਖਾਣ ਦੇ ਯੋਗ ਹੈ।

ਫਿਲਮ ‘ਕਾਸਟ ਅਵੇ’ ਨਾਲ ਕੀਤੀ ਜਾ ਰਹੀ ਹੈ ਸ਼ੈਡੌਕ ਦੇ ਬਚਾਅ ਦੀ ਤੁਲਨਾ

ਜਿਵੇਂ ਹੀ ਸ਼ੈਡੌਕ ਨਾਲ ਇਹ ਘਟਨਾ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਆਈ ਤਾਂ ਲੋਕਾਂ ਨੇ ਇਸ ਦੀ ਤੁਲਨਾ 2000 ‘ਚ ਰਿਲੀਜ਼ ਹੋਈ ਅਮਰੀਕੀ ਅਦਾਕਾਰ ਟਾਮ ਹੈਂਕਸ ਦੀ ਫਿਲਮ ‘ਕਾਸਟ ਅਵੇ’ ਨਾਲ ਕਰਨੀ ਸ਼ੁਰੂ ਕਰ ਦਿੱਤੀ। ਇਹ ਫਿਲਮ ਚੱਕ (ਹੈਂਕਸ) ਬਾਰੇ ਹੈ, ਜੋ ਕਿ ਇੱਕ ਘਾਤਕ ਜਹਾਜ਼ ਹਾਦਸੇ ਤੋਂ ਬਾਅਦ ਬਿਨਾਂ ਕਿਸੇ ਸਾਧਨ ਦੇ ਇੱਕ ਟਾਪੂ ‘ਤੇ ਫਸ ਜਾਂਦਾ ਹੈ। ਉੱਧਰ ਆਸਟ੍ਰੇਲੀਆ ‘ਚ ਸਮੁੰਦਰ ਨਾਲ ਜੁੜੇ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਪ੍ਰੋਫੈਸਰ ਮਾਈਕ ਟਿਪਟਨ ਨੇ ਕਿਹਾ ਹੈ ਕਿ 2 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਸਮੁੰਦਰ ‘ਚ ਰਹਿਣ ਤੋਂ ਬਾਅਦ ਜ਼ਿੰਦਾ ਪਰਤਣਾ ਸਿਰਫ ਕਿਸਮਤ ਦੀ ਗੱਲ ਨਹੀਂ ਹੈ, ਇਹ ਉਨ੍ਹਾਂ ਦੇ ਜ਼ਿੰਦਾ ਰਹਿਣ ਦੇ ਜਜ਼ਬੇ ਦਾ ਨਤੀਜਾ ਵੀ ਹੈ।

You must be logged in to post a comment Login