ਟੀ-20 ਵਿਸ਼ਵ ਕੱਪ ‘ਚ ਪਹਿਲੀ ਵਾਰ ਖੇਡਣਗੀਆਂ 20 ਟੀਮਾਂ

ਟੀ-20 ਵਿਸ਼ਵ ਕੱਪ ‘ਚ ਪਹਿਲੀ ਵਾਰ ਖੇਡਣਗੀਆਂ 20 ਟੀਮਾਂ

ਨਿਊਯਾਰਕ- ਯੁਗਾਂਡਾ ਦੀ ਕ੍ਰਿਕਟ ਟੀਮ ਨੇ 2024 ‘ਚ ਹੋਣ ਵਾਲੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ‘ਚ ਕੁਆਲੀਫਾਈ ਕਰ ਕੇ ਇਤਿਹਾਸ ਰਚ ਦਿੱਤਾ ਹੈ। ਯੁਗਾਂਡਾ ਪਹਿਲੀ ਵਾਰ ਕਿਸੇ ਆਈ.ਸੀ.ਸੀ. ਟੂਰਨਾਮੈਂਟ ‘ਚ ਕੁਆਲੀਫਾਈ ਕਰਨ ‘ਚ ਸਫ਼ਲ ਹੋਇਆ ਹੈ। ਟੀਮ ਨੇ ਰਵਾਂਡਾ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2024 ਲਈ ਕੁਆਲੀਫਾਈ ਕੀਤਾ ਹੈ। ਇਸ ਮੁਕਾਬਲੇ ‘ਚ ਰਵਾਂਡਾ ਨੇ ਯੁਗਾਂਡਾ ਅੱਗੇ ਜਿੱਤਣ ਲਈ 66 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਯੁਗਾਂਡਾ ਨੇ ਸਿਰਫ਼ 8.1 ਓਵਰਾਂ ‘ਚ ਹੀ 1 ਵਿਕਟ ਗੁਆ ਕੇ ਹਾਸਲ ਕਰ ਲਿਆ। ਨਾਮੀਬੀਆ ਤੋਂ ਬਾਅਦ ਕੁਆਲੀਫਾਈ ਕਰਨ ਵਾਲੀ ਇਹ ਦੂਜੀ ਟੀਮ ਬਣ ਗਈ ਹੈ।

ਅਫਰੀਕੀ ਮਹਾਦੀਪ ਤੋਂ ਕੁਆਲੀਫਾਈ ਕਰਨ ਵਾਲੀ ਯੁਗਾਂਡਾ ਦੀ ਟੀਮ ਨੇ ਆਪਣੇ ਕੁਆਲੀਫਾਇਰ ਗੇੜ ਦੇ 6 ‘ਚੋਂ 5 ਮੈਚ ਜਿੱਤ ਕੇ ਟੂਰਨਾਮੈਂਟ ‘ਚ ਜਗ੍ਹਾ ਬਣਾਈ ਹੈ। ਇਸ ਮੁਕਾਮ ‘ਤੇ ਪਹੁੰਚਣ ਲਈ ਤੇ ਟੀ-20 ਵਿਸ਼ਵ ਕੱਪ 2024 ਦੀ 20ਵੀਂ ਟੀਮ ਬਣਨ ਲਈ ਯੁਗਾਂਡਾ ਨੇ ਕੁਆਲੀਫਾਇਰ ਗੇੜ ‘ਚ ਜ਼ਿੰਬਾਬਵੇ ਨੂੰ ਵੀ ਹਰਾਇਆ ਸੀ ਤੇ ਉਸ ਤੋਂ ਬਾਅਦ ਵੀ ਕੁਆਲੀਫਾਇਰ ਗੇੜ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

4 ਜੂਨ ਤੋਂ 30 ਜੂਨ ਤੱਕ ਖੇਡਿਆ ਜਾਵੇਗਾ ਟੀ-20 ਵਿਸ਼ਵ ਕੱਪ
ਟੀ-20 ਵਿਸ਼ਵ ਕੱਪ 2024 ਅਗਲੇ ਸਾਲ 4 ਜੂਨ ਤੋਂ 30 ਜੂਨ ਤੱਕ ਅਮਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ‘ਚ ਖੇਡਿਆ ਜਾਵੇਗਾ।

ਇਸ ਵਾਰ ਟੂਰਨਾਮੈਂਟ ‘ਚ 20 ਟੀਮਾਂ ਲੈਣਗੀਆਂ ਹਿੱਸਾ 
ਇਸ ਵਾਰ ਦੇ ਟੀ-20 ਵਿਸ਼ਵ ਕੱਪ ‘ਚ 20 ਟੀਮਾਂ ਖ਼ਿਤਾਬ ਲਈ ਇਕ-ਦੂਜੇ ਨਾਲ ਭਿੜਨਗੀਆਂ। ਆਈ.ਸੀ.ਸੀ. ਰੈਂਕਿੰਗ ਅਨੁਸਾਰ 10 ਟੀਮਾਂ ਜਿੱਥੇ ਸਿੱਧੀਆਂ ਕੁਆਲੀਫਾਈ ਕਰਨਗੀਆਂ, ਉੱਥੇ ਹੀ ਅਮਰੀਕਾ ਤੇ ਵੈਸਟਇੰਡੀਜ਼ ਦੀਆਂ ਟੀਮਾਂ ਮੇਜ਼ਬਾਨ ਹੋਣ ਕਾਰਨ ਟੂਰਨਾਮੈਂਟ ‘ਚ ਹਿੱਸਾ ਲੈਣਗੀਆਂ। ਬਾਕੀ ਦੀਆਂ 8 ਟੀਮਾਂ ਕੁਆਲੀਫਾਇਰ ਰਾਊਂਡ ਖੇਡ ਕੇ ਕੁਆਲੀਫਾਈ ਕੀਤੀਆਂ ਹਨ।

ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੀਆਂ ਟੀਮਾਂ-
ਆਸਟ੍ਰੇਲੀਆ, ਇੰਗਲੈਂਡ, ਭਾਰਤ, ਨੀਦਰਲੈਂਡਜ਼, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਸ਼੍ਰੀਲੰਕਾ, ਅਫ਼ਗਾਨਿਸਤਾਨ, ਬੰਗਲਾਦੇਸ਼, ਕੈਨੇਡਾ, ਨੇਪਾਲ, ਓਮਾਨ, ਪਪੁਆ ਨਿਊ ਗਿਨੀ, ਆਇਰਲੈਂਡ, ਸਕਾਟਲੈਂਡ, ਨਾਮੀਬੀਆ, ਯੁਗਾਂਡਾ, ਅਮਰੀਕਾ ਤੇ ਵੈਸਟਇੰਡੀਜ਼

You must be logged in to post a comment Login