ਸਿਡਨੀ, 8 ਦੰਸਬਰ (ਪੰ. ਐ.) : ਆਸਟ੍ਰੇਲੀਆ ਨੇ ਵੀ ਬੀਜਿੰਗ ਓਲੰਪਿਕ ਦਾ ਡਿਪਲੋਮੈਟਿਕ ਬਾਈਕਾਟ ਕਰਨ ਦਾ ਫ਼ੈਸਲਾ ਕਰਕੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੀਜਿੰਗ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ ਦੀ ਗੱਲ ਕਹੀ ਹੈ। ਕੈਨੇਡਾ ਇਸ ਮਾਮਲੇ ‘ਤੇ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਦੇ ਕਮਜ਼ੋਰ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਕਾਰਨ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ ਕੀਤਾ ਸੀ। ਅਮਰੀਕਾ ਦੇ ਇਸ ਕਦਮ ਨੂੰ ਚੀਨ ਲਈ ਸਖ਼ਤ ਸੰਦੇਸ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਮਰੀਕਾ ਦੇ ਇਸ ਫ਼ੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਕਿਹਾ ਕਿ ਖੇਡਾਂ ਦੇ ਬਾਈਕਾਟ ਦਾ ਅਮਰੀਕਾ ਦਾ ਫ਼ੈਸਲਾ ਓਲੰਪਿਕ ਭਾਵਨਾ ਦੀ ਉਲੰਘਣਾ ਹੈ।ਅਮਰੀਕਾ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਚੀਨ ਨੇ ਅਜਿਹੇ ਡਿਪਲੋਮੈਟਿਕ ਬਾਈਕਾਟ ਦੇ ਖ਼ਿਲਾਫ਼ ‘ਜਵਾਬੀ ਕਾਰਵਾਈ’ ਕਰਨ ਦਾ ਸੰਕਲਪ ਲਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕੀ ਐਥਲੀਟ ਇਨ੍ਹਾਂ ਓਲੰਪਿਕ ਖੇਡਾਂ ‘ਚ ਹਿੱਸਾ ਲੈਣਗੇ ਅਤੇ ਖਿਡਾਰੀਆਂ ਨੂੰ ਸਾਡਾ ਪੂਰਾ ਸਮਰਥਨ ਮਿਲੇਗਾ ਪਰ ਅਸੀਂ ਖੇਡਾਂ ਨਾਲ ਜੁੜੇ ਵੱਖ-ਵੱਖ ਮੁਕਾਬਲਿਆਂ ਦਾ ਹਿੱਸਾ ਨਹੀਂ ਬਣਾਂਗੇ। ਵਾਸ਼ਿੰਗਟਨ ਨੇ ਕਈ ਮਹੀਨਿਆਂ ਦੀ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।

ਵਿੰਟਰ ਓਲੰਪਿਕ ਅਗਲੇ ਸਾਲ ਫਰਵਰੀ ਵਿੱਚ ਹੋਣੇ ਹਨ। ਸਾਕੀ ਨੇ ਕਿਹਾ ਕਿ ਚੀਨ ਦੇ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਅੱਤਿਆਚਾਰਾਂ ਦੇ ਮੱਦੇਨਜ਼ਰ, ਅਮਰੀਕੀ ਡਿਪਲੋਮੈਟ ਖੇਡਾਂ ਨੂੰ ਇੱਕ ਆਮ ਘਟਨਾ ਵਾਂਗ ਮੰਨਣਗੇ। ਅਸੀਂ ਚੀਨ ਅਤੇ ਇਸ ਤੋਂ ਬਾਹਰ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਾ ਜਾਰੀ ਰੱਖਾਂਗੇ। ਤੁਹਾਨੂੰ ਦੱਸ ਦੇਈਏ ਕਿ ਚੀਨ ‘ਤੇ ਸ਼ਿਨਜਿਆਂਗ, ਤਿੱਬਤ ਅਤੇ ਹਾਂਗਕਾਂਗ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਕਈ ਦੋਸ਼ ਹਨ।

You must be logged in to post a comment Login