55 ਮੈਂਬਰੀ ਹਾਉਸ ਪੂਰਾ ਹੋਣ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਗੈਰ-ਕਾਨੂੰਨੀ – ਇੰਦਰ ਮੋਹਨ ਸਿੰਘ

ਗੁਰਦੁਆਰਾ ਚੋਣ ਡਾਇਰੈਕਟਰ ਕਰਫਿਉ ਵਾਲੇ ਦਿਨ ਚੋਣਾਂ ਕਰਵਾਉਣ ਦੀ ਮੰਸ਼ਾ ਜਨਤਕ ਕਰਨ!

ਇੰਦਰ ਮੋਹਨ ਸਿੰਘ

ਦਿੱਲੀ : 19 ਜਨਵਰੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਗੁਰਦੁਆਰਾ ਨਿਯਮਾਂ ਮੁਤਾਬਿਕ 55 ਮੈਂਬਰੀ ਹਾਉਸ ਦੇ ਪੂਰਾ ਹੋਣ ਦਾ ਗਜਟ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਹੀ 15 ਦਿਨਾਂ ਦੇ ਅੰਦਰ ਦਿੱਲੀ ਗੁਰੂਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣਾਂ ਕਰਵਾਉਣ ਲਈ ਮੀਟਿੰਗ ਬੁਲਾਈ ਜਾਣੀ ਲਾਜਮੀ ਹੁੰਦੀ ਹੈ, ਜਦਕਿ ਮੋਜੂਦਾ ਸਮੇਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਬੀਤੇ ਕਲ ਅਰਥਾਤ 18 ਜਨਵਰੀ ਨੂੰ ਕਾਰਜਕਾਰੀ ਬੋਰਡ ਦੀ ਚੋਣਾਂ ਲਈ ਮੀਟਿੰਗ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਹਾਲਾਂਕਿ ਸਿੰਘ ਸਭਾ ਦੇ ਪ੍ਰਧਾਨ ਦੀ ਨਾਮਜਦਗੀ ਸਬੰਧੀ ਗਜਟ ਨੋਟੀਫਿਕੇਸ਼ਨ ਹੁਣ ਤੱਕ ਜਾਰੀ ਨਾ ਹੋਣ ਕਰਕੇ 55 ਮੈਂਬਰਾਂ ਦਾ ਹਾਉਸ ਪੂਰਾ ਨਹੀ ਹੋਇਆ ਹੈ। ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰੂਦੁਆਰਾ ਐਕਟ ਦਾ ਹਵਾਲਾ ਦਿੰਦਿਆ ਕਿਹਾ ਕਿ ਸਿੰਘ ਸਭਾ ਦਾ ਪ੍ਰਧਾਨ ਤਾਂ ਹੀ ਨਾਮਜਦ ਕੀਤਾ ਜਾ ਸਕਦਾ ਹੈ ਜੇਕਰ ਉਹ ਕਿਸੇ ਹੋਂਦ ਵਾਲੇ ਸਿੰਘ ਸਭਾ ਗੁਰਦੁਆਰੇ ਦਾ ਪ੍ਰਧਾਨ ਹੋਵੇ, ਜਦਕਿ ਮਿਲੀ ਜਾਣਕਾਰੀ ਮੁਤਾਬਿਕ ਬੀਤੇ 5 ਜਨਵਰੀ 2022 ਨੂੰ ਲਾਟਰੀ ‘ਚ ਨਿਕਲੇ ਪ੍ਰਧਾਨ ਸਬੰਧੀ ਦਿੱਲੀ ਦੇ ਯਮੁਨਾਪਾਰ ਇਲਾਕੇ ਸ਼ੰਕਰ ਵਿਹਾਰ ‘ਚ ਕੋਈ ਸਿੰਘ ਸਭਾ ਗੁਰਦੁਆਰਾ ਹੋਂਦ ‘ਚ ਨਹੀ ਹੈ ‘ਤੇ ਇਹ ਮਾਮਲਾ ਕਾਨੂੰਨੀ ਪੇਚਾਂ ‘ਚ ਫਸਿਆ ਹੋਇਆ ਹੈ ।
ਸ. ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਕਾਰਜਕਾਰੀ ਬੋਰਡ ਦੀ ਮੀਟਿੰਗ ਕਰਵਾਉਣ ਲਈ 15 ਦਿਨਾਂ ਦਾ ਸਮਾਂ ਹੋਣ ਦੇ ਬਾਵਜੂਦ ਚੋਣ ਡਾਇਰੈਕਟਰ ਵਲੋਂ ਬੀਤੇ ਕਲ ਮੀਟਿੰਗ ਦਾ ਨੋਟਿਸ ਜਾਰੀ ਕਰਕੇ ਕੇਵਲ 3 ਦਿਨਾਂ ਦੇ ਵੱਖਵੇ ‘ਚ ਆਗਾਮੀ 22 ਜਨਵਰੀ 2022 ਨੂੰ ਕਾਰਜਕਾਰੀ ਬੋਰਡ ਦੀਆਂ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਨ੍ਹੇ ਘੱਟ ਵੱਖਵੇ ‘ਚ ਦਿੱਲੀ ਤੋਂ ਦੂਰ-ਦਰਾਡੇ ਤਖਤ ਸ੍ਰੀ ਹਜੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਦੇ ਮਾਣਯੋਗ ਜੱਥੇਦਾਰ ਸਾਹਿਬਾਨਾਂ ਨੂੰ ਮੀਟਿੰਗ ‘ਚ ਫੋਰੀ ਤੋਰ ‘ਤੇ ਸ਼ਿਰਕਤ ਕਰਨ ਦਾ ਸਰਕਾਰੀ ਫੁਰਮਾਨ ਭੇਜਿਆ ਗਿਆ ਹੈ ਜਦਕਿ ਉਹ ਆਪਣੇ ਰੁਝੇਵਿਆਂ ਕਾਰਨ 3 ਦਿਨਾਂ ਦੇ ਨੋਟਿਸ ‘ਚ ਦਿੱਲੀ ਪੁੱਜਣ ‘ਚ ਅਸਮਰਥ ਹੋ ਸਕਦੇ ਹਨ। ਸ. ਇੰਦਰ ਮੋਹਨ ਸਿੰਘ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕਾਰਜਕਾਰੀ ਬੋਰਡ ਦੀਆਂ ਚੋਣਾਂ 22 ਜਨਵਰੀ ਨੂੰ ਹੀ ਕਰਵਾਉਣ ਦੀ ਕੀ ਮੰਸ਼ਾ ਹੈ ਜਦਕਿ ਇਸ ਦਿਨ ਸ਼ਨੀਵਾਰ ਹੋਣ ਕਰਕੇ ਦਿੱਲੀ ‘ਚ ਵੀਕ-ਏਂਡ ਕਰਫਿਉ ਲਗਾ ਹੋਵੇਗਾ ‘ਤੇ ਕੀ ਕਰਫਿਉ ਕਾਰਨ ਸਾਰੇ 55 ਮੈਂਬਰਾਂ ‘ਤੇ ਉਹਨਾਂ ਦੇ ਕਾਰਕੁੰਨਾਂ ਦਾ ਵਡੀ ਗਿਣਤੀ ‘ਚ ਘਰਾਂ ‘ਚੋਂ ਬਾਹਰ ਨਿਕਲ ਕੇ ਮੀਟਿੰਗ ‘ਚ ਪਹੁੰਚਣਾਂ ਕੋਵਿਡ ਨਿਯਮਾਂ ਦੀ ਉਲੰਘਣਾਂ ਨਹੀ ਹੋਵੇਗੀ ? ਉਨ੍ਹਾਂ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਦੀ ਪਾਲਨਾ ਕਰਦਿਆਂ 55 ਮੈਂਬਰੀ ਹਾਉਸ ਪੂਰਾ ਹੋਣ ਤੋਂ ਉਪਰੰਤ ਹੀ ਮੀਟਿੰਗ ਦੀ ਤਾਰੀਖ ਮੁਕਰਰ ਕਰਨ ਜਿਸ ਦਿਨ ਮੈਂਬਰਾਂ ਨੂੰ ਆਵਾਜਾਹੀ ਕਰਨ ਦੀ ਮਨਾਹੀ ਨਾ ਹੋਵੇ।

You must be logged in to post a comment Login