ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, 24 ਸਾਲਾ ਨੌਜਵਾਨ ਦੀ ਮੌਤ

ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, 24 ਸਾਲਾ ਨੌਜਵਾਨ ਦੀ ਮੌਤ

ਜਲੰਧਰ – ਪੰਜਾਬ ‘ਚ ਨਸ਼ਿਆਂ ਕਰਕੇ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਕੈਂਟ ਦਾ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਦੇ ਕਾਰਨ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਕੈਂਟ ਦੇ 32 ਨੰਬਰ ਮੁਹੱਲਾ ਵਿੱਚ ਰਹਿਣ ਵਾਲੇ ਰੌਕੀ ਲਾਹੌਰੀਆ ਉਰਫ ਲਾਡੀ ਪੁੱਤਰ ਵਿਜੇ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ। ਲਾਡੀ ਦੀ ਮਾਂ ਕੰਟੋਨਮੈਂਟ ਬੋਰਡ ‘ਚ ਕੰਮ ਕਰਦੀ ਹੈ। ਲਾਡੀ ਦੀ ਮਾਂ ਨੇ ਦੱਸਿਆ ਕਿ ਨੌਜਵਾਨ ਕਾਫੀ ਸਮੇਂ ਤੋਂ ਬੇਰੋਜ਼ਗਾਰ ਸੀ ਅਤੇ ਨਸ਼ੇ ਦਾ ਆਦੀ ਸੀ। ਉਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਲਾਡੀ ਦਾ ਵਿਆਹ ਕੀਤਾ ਸੀ। ਪਰਿਵਾਰ ਨੇ ਸੋਚਿਆ ਕਿ ਸ਼ਾਇਦ ਉਹ ਵਿਆਹ ਤੋਂ ਬਾਅਦ ਸੁਧਰ ਜਾਵੇਗਾ ਅਤੇ ਨਸ਼ਾ ਛੱਡ ਦੇਵੇਗਾ ਪਰ ਲਾਡੀ ਜ਼ਿਆਦਾ ਨਸ਼ਾ ਕਰਨ ਲੱਗਾ। ਨਸ਼ੇ ਕਾਰਨ ਉਸ ਨੇ ਘਰ ਦਾ ਸਾਰਾ ਸਾਮਾਨ ਵੀ ਵੇਚ ਦਿੱਤਾ ਸੀ ਪਰ ਨਸ਼ੇ ਦੀ ਆਦਤ ਨੇ ਉਸ ਦੀ ਜਾਨ ਲੈ ਲਈ। ਮ੍ਰਿਤਕ ਲਾਡੀ ਦੀ ਮਾਂ ਨੇ ਰੋਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜੇਲ ਭੇਜਿਆ ਜਾਵੇ ਤਾਂਕਿ ਲਾਡੀ ਵਾਂਗ ਪੰਜਾਬ ਦਾ ਕੋਈ ਹੋਰ ਬੱਚਾ ਆਪਣੀ ਜਾਨ ਨਾ ਗੁਆ ਬੈਠੇ।

You must be logged in to post a comment Login