ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀ ਸਰਕਾਰ, ਸੂਚੀ ‘ਚੋਂ ਰੱਖਿਆ ਬਾਹਰ
ਅੰਮਿ੍ਤਸਰ -ਸੂਬੇ ‘ਚ ਇਸ ਵੇਲੇ ਡੋਪ ਟੈਸਟ ਨੂੰ ਲੈ ਕੈ ਸਿਆਸਤ ਜ਼ੋਰਾਂ ‘ਤੇ ਹੈ ਅਤੇ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡੋਪ ਟੈਸਟ ਕਰਵਾਏ ਜਾਣ ਦੇ ਕੀਤੇ ਐਲਾਨ ਉਪਰੰਤ ਸੱਤਾਧਾਰੀ ਧਿਰ ਦੇ ਮੰਤਰੀਆਂ, ਵਿਧਾਇਕਾਂ ਵਲੋਂ ਧੜਾਧੜ ਡੋਪ ਟੈਸਟ ਕਰਵਾਏ ਜਾ ਰਹੇ ਹਨ ਅਤੇ ਆਮ ਲੋਕਾਂ ਨੂੰ ਵੀ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਡੋਪ ਟੈਸਟ ਤੋਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸਰਕਾਰ ਸ਼ਰਾਬ ਦੇ ਸੇਵਨ ਨੂੰ ੂ ਨਸ਼ਾ ਹੀ ਨਹੀਂ ਮੰਨਦੀ | ਇਸੇ ਕਾਰਨ ਇਸ ਨੂੰ ੂ ਡੋਪ ਟੈਸਟ ਦੀ ਸੂਚੀ ‘ਚੋਂ ਬਾਹਰ ਰੱਖਿਆ ਗਿਆ ਹੈ | ਇਸ ਦਾ ਪਤਾ ਲਗਦੇ ਹੀ ‘ਲਾਲ ਪਰੀ’ ਦੇ ਸ਼ੌਕੀਨ ਸਿਆਸਤਦਾਨਾਂ ‘ਚ ਡੋਪ ਟੈਸਟ ਕਰਵਾਉਣ ਦੀ ਹੋੜ ਲੱਗੀ ਹੋਈ ਹੈ | ਇਸ ਤੋਂ ਪਹਿਲਾਂ ਸਰਕਾਰ ਵਲੋਂ ਡੋਪ ਟੈਸਟ ਕੇਵਲ ਅਸਲਾ ਲਾਇਸੈਂਸ ਧਾਰਕਾਂ ਲਈ ਹੀ ਲਾਜ਼ਮੀ ਕੀਤਾ ਹੋਇਆ ਸੀ ਪਰ ਬੀਤੇ ਦਿਨ ਨਸ਼ਿਆਂ ਦੇ ਓਵਰਡੋਜ਼ ਕਾਰਨ ਹੋਈਆਂ ਮੌਤਾਂ ਉਪਰੰਤ ਡੋਪ ਟੈਸਟ ਕਰਵਾਏ ਜਾਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉੱਭਰਿਆ ਹੈ ਜਿਸ ਬਾਰੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਡੋਪ ਟੈਸਟ ਦਾ ਮੁੱਦਾ ਉਭਾਰ ਕੇ ਰਾਜ ‘ਚ ਨਸ਼ਿਆਂ ਕਾਰਨ ਹੋਈਆਂ ਸੈਂਕੜੇ ਮੌਤਾਂ ਦੇ ਮੁੱਦੇ ‘ਤੇ ਮਿੱਟੀ ਪਾਉਣਾ ਚਾਹੁੰਦੀ ਹੈ | ਇਕੱਲੇ ਅੰਮਿ੍ਤਸਰ ਜ਼ਿਲੇ੍ਹ ‘ਚ ਹੀ ਨਸ਼ਿਆਂ ਕਾਰਨ 2 ਦਰਜਨ ਮੌਤਾਂ ਹੋ ਚੁੱਕੀਆਂ ਹਨ | ਡੋਪ ਟੈਸਟ ਕਰਵਾਉਣ ਲਈ ਸਬੰਧਿਤ ਵਿਅਕਤੀ ਜਾਂ ਔਰਤ ਦੇ ਪਿਸ਼ਾਬ ਦਾ ਨਮੂਨਾ ਲਿਆ ਜਾਂਦਾ ਹੈ, ਜਿਸ ਦੀ ਲੈਬਾਰਟਰੀ ‘ਚ ਕੀਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਹ ਨਸ਼ਿਆਂ ਦਾ ਆਦੀ ਹੈ ਜਾਂ ਨਹੀਂ | ਇਸ ਟੈਸਟ ਨਾਲ ਪਿਛਲੇ 6 ਮਹੀਨਿਆਂ ਦੇ ਰਿਕਾਰਡ ਦਾ ਪਤਾ ਲੱਗ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਵੇਲੇ ਸਿਵਲ ਸਰਜਨ ਦਫ਼ਤਰ ਵਿਖੇ ਹਫ਼ਤੇ ‘ਚ ਕੇਵਲ 2 ਦਿਨ ਹੀ ਡੋਪ ਟੈਸਟ ਕੀਤਾ ਜਾਂਦਾ ਹੈ ਅਤੇ ਹੁਣ ਵੀ. ਆਈ. ਪੀ. ਲੋਕਾਂ ਕਾਰਨ ਡੋਪ ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ |
ਇਸ ਵੇਲੇ ਡੋਪ ਟੈਸਟ ‘ਚ 10 ਪ੍ਰਕਾਰ ਦੇ ਟੈਸਟ ਰੱਖੇ ਗਏ ਹਨ, ਜਿਨ੍ਹਾਂ ‘ਚ ਹੈਰੋਇਨ, ਅਫ਼ੀਮ, ਸਮੈਕ, ਭੁੱਕੀ, ਕੋਕੀਨ, ਟਰਾਮਾਡੋਲ, ਬੁਪਰੋਨੋਰਫਿਨ, ਟੀਕੇ ਤੇ ਦਵਾਈਆਂ ਦੇ ਰੂਪ ‘ਚ ਲੈਣ ਵਾਲੇ ਨਸ਼ੇ ਰੱਖੇ ਗਏ ਹਨ | ਇਸ ਟੈਸਟ ‘ਚ ਨੀਂਦ ਵਾਲੀ ਗੋਲੀ ਤੇ ਬਲੱਡ ਪੈ੍ਰਸ਼ਰ ਵਾਲੀ ਦਵਾਈ ਵੀ ਸਾਹਮਣੇ ਆ ਜਾਂਦੀ ਹੈ ਅਤੇ ਮਰੀਜ਼ ਵੀ ਸ਼ੱਕ ਦੇ ਘੇਰੇ ‘ਚ ਆ ਜਾਂਦੇ ਹਨ ਪਰ ਇਸ ਸਭ ਦੇ ਬਾਵਜੂਦ ਸ਼ਰਾਬ ਲਈ ਕੋਈ ਟੈਸਟ ਨਹੀਂ ਰੱਖਿਆ ਗਿਆ | ਡੋਪ ਟੈਸਟ ਲਈ ਇਸ ਵੇਲੇ ਸਰਕਾਰ ਵਲੋਂ 1500 ਰੁਪਿਆ ਫ਼ੀਸ ਵਸੂਲ ਕੀਤੀ ਜਾ ਰਹੀ ਹੈ | ਦੂਜੇ ਪਾਸੇ ਡੋਪ ਟੈਸਟ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਖੜੇ੍ਹ ਹੋ ਰਹੇ ਹਨ, ਕਿਉਂਕਿ ਇਹ ਵੀ ਚਰਚਾ ਹੈ ਕਿ ਡੋਪ ਟੈਸਟ ਕਰਵਾਉਣ ਲਈ ਕਈ ਲੋਕ ਆਪਣੇ ਘਰੋਂ ਹੀ ਸ਼ੀਸ਼ੀਆਂ ‘ਚ ਆਪਣੇ ਘਰ ਦੇ ਹੋਰ ਮੈਂਬਰਾਂ ਜਿਨ੍ਹਾਂ ‘ਚ ਛੋਟੇ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ, ਦਾ ਪੇਸ਼ਾਬ ਲੈ ਕੇ ਜਾਣ ਦੀ ਵੀ ਚਰਚਾ ਹੈ | ਜਿਨ੍ਹਾਂ ਦੇ ਨਮੂਨੇ ਬਿਲਕੁਲ ਸਹੀ ਆ ਰਹੇ ਹਨ ਅਤੇ ਉਹ ਲੋਕ ਖ਼ੁਦ ਨੂੰ ਨਸ਼ਿਆਂ ਤੋਂ ਰਹਿਤ ਹੋਣ ਦੇ ਦਮਗਜੇ ਮਾਰ ਰਹੇ ਹਨ | ਭਾਵੇਂ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਪਰ ਅਜੇ ਤੱਕ ਕੋਈ ਅਧਿਕਾਰੀ ਜਾਂ ਮੁਲਾਜ਼ਮ ਡੋਪ ਟੈਸਟ ਲਈ ਸਾਹਮਣੇ ਨਹੀਂ ਆਇਆ | ਅੰਮਿ੍ਤਸਰ ‘ਚ ਹੋ ਰਹੇ ਡੋਪ ਟੈਸਟ ਨੂੰ ਸਹੀ ਹੋਣ ਦਾ ਦਾਅਵਾ ਕਰਦਿਆਂ ਅੰਮਿ੍ਤਸਰ ਦੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਹਾਲੇ ਤੱਕ ਕੋਈ ਸਰਕਾਰੀ ਮੁਲਾਜ਼ਮ ਡੋਪ ਟੈਸਟ ਲਈ ਨਹੀਂ ਆਇਆ, ਕਿਉਂਕਿ ਡੋਪ ਟੈਸਟ ਲਾਜ਼ਮੀ ਹਨ, ਸਬੰਧੀ ਅਜੇ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੋਇਆ ਹੈ |
You must be logged in to post a comment Login