ਨਸ਼ਿਆਂ ਖਿਲਾਫ ਖੁੱਲ੍ਹ ਕੇ ਡਟੇ ਪਿੰਡਾਂ ਦੇ ਲੋਕ, ਬਣਾ ਲਿਆ ਖੁਫੀਆ ਤੰਤਰ

ਬਠਿੰਡਾ : ਨਸ਼ਿਆਂ ‘ਚ ਰੁਲਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹੁਣ ਪਿੰਡ ਵਾਲਿਆਂ ਨੇ ਆਪਣੇ ਪੱਧਰ ‘ਤੇ ਹੀ ਮੁਹਿੰਮ ਛੇੜ ਦਿੱਤੀ ਹੀ। ਜ਼ਿਲੇ ਦੇ ਕਈ ਪਿੰਡਾਂ ‘ਚ ਲੋਕ ਖੁੱਲ੍ਹ ਕੇ ਤਸਕਰਾਂ ਖਿਲਾਫ ਸਾਹਮਣੇ ਆਉਣ ਲੱਗੇ ਹਨ। ਬਠਿੰਡਾ ਤੋਂ 10 ਕਿਲੋਮੀਟਰ ਦੂਰ ਪਿੰਡ ਬੀੜਤਾਲਾਬ ‘ਚ 5 ਸਾਲਾਂ ‘ਚ ਨਸ਼ਿਆਂ ਨਾਲ 25 ਤੋਂ ਜ਼ਿਆਦਾ ਮੌਤਾਂ ਨੇ ਲੋਕਾਂ ਨੂੰ ਝੰਜੋੜ ਦਿੱਤਾ। ਅਜਿਹੇ ‘ਚ ਲੋਕ ਹੁਣ ਪਿੰਡ ‘ਚ ਦਿਨ-ਰਾਤ ਪਹਿਰਾ ਲਾਉਂਦੇ ਹਨ ਤਾਂ ਜੋ ਕੋਈ ਤਸਕਰ ਪਿੰਡ ‘ਚ ਪੈਰ ਨਾ ਰਖ ਸਕੇ। ਕਈ ਤਸਕਰਾਂ ਨੂੰ ਤਾਂ ਲੋਕ ਪੁਲਸ ਦੇ ਹਵਾਲੇ ਵੀ ਕਰ ਚੁੱਕੇ ਹਨ। ਇਸੇ ਤਰ੍ਹਾਂ ਦੀ ਪਹਿਲ ਨਸ਼ਿਆਂ ਲਈ ਬਦਨਾਮ ਪਿੰਡ ਬਾਡੀ, ਲੇਲੇਵਾਲਾ ‘ਚ ਵੀ ਹੋਈ। ਇਨ੍ਹਾਂ ਪਿੰਡਾਂ ‘ਚ ਨਸ਼ੇੜੀਆਂ ਦਾ ਬਾਈਕਾਟ ਹੋਇਆ। ਲੋਕਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਕਮਰ ਤੋੜਨ ਲਈ ਆਪਣੇ ਪੱਧਰ ‘ਤੇ ਖੁਫੀਆ ਤੰਤਰ ਬਣਾਇਆ ਤੇ ਪੁਲਸ ਨੂੰ ਜਾਣਕਾਰੀ ਦੇਣ ਲੱਗੇ। ਇਸ ‘ਚ ਬਕਾਇਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ‘ਨਸ਼ਾ ਛੁਡਾਊ ਕੇਂਦਰਾਂ’ ‘ਚ ਦਾਖਲ ਕਰਾਇਆ ਗਿਆ। ਹੁਣ ਹਾਲਾਤ ਇਹ ਹਨ ਕਿ ਪੂਰੇ ਪਿੰਡ ‘ਚ ਹਰ ਘਰ ਦੇ ਬਾਹਰ ‘ਨਸ਼ਾ ਮੁਕਤ ਪਰਿਵਾਰ’ ਦਾ ਬੋਰਡ ਲੱਗਾ ਹੈ।

You must be logged in to post a comment Login