ਵਿਜੀਲੈਂਸ ਦੀ ਚਾਰ ਜ਼ਿਲਿਆਂ ਦੇ ਸਿਵਲ ਹਸਪਤਾਲਾਂ ‘ਚ ਦਬਿਸ਼

ਵਿਜੀਲੈਂਸ ਦੀ ਚਾਰ ਜ਼ਿਲਿਆਂ ਦੇ ਸਿਵਲ ਹਸਪਤਾਲਾਂ ‘ਚ ਦਬਿਸ਼

ਜਲੰਧਰ : ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਲੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਬੇਸਿਕ ਲਾਈਫ ਸਪੋਰਟ ਵ੍ਹੀਕਲ ਦੇ ਤੌਰ ‘ਤੇ ਤਾਇਨਾਤ ਕੀਤੀ ਗਈ 108 ਐਂਬੂਲੈਂਸ ਬਾਰੇ ਚੀਫ ਵਿਜੀਲੈਂਸ ਦਫਤਰ ਚੰਡੀਗੜ੍ਹ ਵਲੋਂ ਲਗਾਈ ਗਈ ਇਨਕੁਆਰੀ ਤੋਂ ਬਾਅਦ ਵੀਰਵਾਰ ਜਲੰਧਰ ਰੇਂਜ ਵਿਜੀਲੈਂਸ ਦਫਤਰ ਦੇ ਐੱਸ.ਐੱਸ.ਪੀ. ਦਲਜਿੰਦਰ ਸਿੰਘ ਢਿੱਲੋਂ ਦੁਆਰਾ ਚਾਰ ਜ਼ਿਲਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਦੇ ਸਿਵਲ ਹਸਪਤਾਲਾਂ ‘ਚ ਵਿਜੀਲੈਂਸ ਟੀਮਾਂ ਭੇਜ ਕੇ 108 ਐਂਬੂਲੈਂਸ ਬਾਰੇ ਡੂੰਘਾਈ ਨਾਲ ਚੈਕਿੰਗ ਕਰਵਾਈ। ਜਾਣਕਾਰੀ ਅਨੁਸਾਰ ਜਲੰਧਰ ‘ਚ ਕੁੱਲ 19 ਐਂਬੂਲੈਂਸਾਂ, ਕਪੂਰਥਲਾ ‘ਚ 12, ਹੁਸ਼ਿਆਰਪੁਰ ‘ਚ 14 ਅਤੇ ਨਵਾਂਸ਼ਹਿਰ ‘ਚ 5 ਐਂਬੂਲੈਂਸਾਂ ਕੰਮ ਕਰ ਰਹੀਆਂ ਹਨ।
ਇਨ੍ਹਾਂ ਬੇਨਿਯਮੀਆਂ ਦੀ ਜਾਂਚ ਹੋਵੇਗੀ : ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 108 ਐਂਬੂਲੈਂਸ ਨੂੰ ਅਸਲ ‘ਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਇਕ ਪ੍ਰਾਈਵੇਟ ਕੰਪਨੀ ਦਿਕਿਤਾ ਹੈਲਥ ਕੇਅਰ ਲਿਮ. ਨੂੰ ਠੇਕੇ ‘ਤੇ ਦਿੱਤਾ ਗਿਆ ਹੈ। ਇਸ ਲਈ ਸਰਕਾਰੀ ਏਡ ਵੀ ਐਂਬੂਲੈਂਸ ਨੂੰ ਦਿੱਤੀ ਜਾਂਦੀ ਹੈ। ਜਿਸ ‘ਚ ਲਗਭਗ ਹਰ ਮਹੀਨੇ 1.36 ਲੱਖ ਰੁਪਏ ਪ੍ਰਤੀ ਐਂਬੂਲੈਂਸ ਨੂੰ ਮਿਲ ਰਿਹਾ ਹੈ ਜਿਸ ‘ਚ ਐਂਬੂਲੈਂਸ ਦੀ ਮੇਨਟੀਨੈਂਸ, ਤਨਖਾਹ, ਡੀਜ਼ਲ ਆਦਿ ਦੀਆਂ ਸੇਵਾਵਾਂ ਸ਼ਾਮਲ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਵਿਭਾਗ ਦੇ ਚੰਡੀਗੜ੍ਹ ਹੈੱਡ ਆਫਿਸ ‘ਚ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ 108 ਐਂਬੂਲੈਂਸ ‘ਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਪਾਈਆਂ ਜਾ ਰਹੀਆਂ ਹਨ। ਇਸ ‘ਚ ਮੁੱਖ ਤੌਰ ‘ਤੇ ਸ਼ਿਕਾਇਤ ਅਨੁਸਾਰ 108 ਐਂਬੂਲੈਂਸ ਦਾ ਸਟਾਫ ਅਕਸਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ‘ਤੇ ਇਹ ਦਬਾਅ ਪਾਉਂਦਾ ਹੈ ਕਿ ਉਹ ਆਪਣੇ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ‘ਚ ਲੈ ਕੇ ਜਾਏ ਕਿਉਂਕਿ ਇਸ ਲਈ ਐਂਬੂਲੈਂਸ ਦੇ ਸਟਾਫ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਕਮਿਸ਼ਨ ਮਿਲਦਾ ਹੈ। ਇਸ ਦੇ ਨਾਲ ਹੀ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕੰਪਨੀ ਵਲੋਂ ਐਂਬੂਲੈਂਸ ‘ਚ ਜਿਸ ਪੈਰਾ ਮੈਡੀਕੋ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ ਕੀ ਉਹ ਟੈਕਨੀਕਲ ਤੌਰ ‘ਤੇ ਐਜੂਕੇਟਿਡ ਹੈ ਅਰਥਾਤ ਚੈਕਿੰਗ ਕੀਤੀ ਜਾਵੇਗੀ ਕਿ ਐਂਬੂਲੈਂਸ ਦਾ ਸਟਾਫ ਜੋ ਮਰੀਜ਼ ਦੀ ਮੌਕੇ ‘ਤੇ ਮਦਦ ਕਰ ਰਿਹਾ ਹੈ ਅਤੇ ਹਸਪਤਾਲ ਤਕ ਪਹੁੰਚਾਉਂਦੇ ਹਨ ਕੀ ਉਹ ਸਾਰਾ ਸਟਾਫ ਆਪਣੇ ਕੰਮ ਲਈ ਐਜੂਕੇਟਿਡ ਹੈ। ਇਸ ਤੋਂ ਇਲਾਵਾ ਮੈਡੀਕਲ ਸਟਾਫ ਦੇ ਸਰਟੀਫਿਕੇਟ ਅਤੇ ਐਂਬੂਲੈਂਸ ਦੇ ਡਰਾਈਵਰਾਂ ਦੇ ਲਾਇਸੈਂਸ ਵੀ ਚੈੱਕ ਕੀਤੇ ਜਾਣਗੇ ਕਿ ਕੀ ਉਨ੍ਹਾਂ ਦੇ ਲਾਇਸੈਂਸ ਸਹੀ ਹਨ ਜਾਂ ਕਿਤੇ ਕੋਈ ਫਰਜ਼ੀ ਕਾਗਜ਼ਾਤ ਦਾ ਇਸਤੇਮਾਲ ਕਰਕੇ ਸਟਾਫ ਵਾਲੇ ਨੌਕਰੀ ‘ਤੇ ਤਾਂ ਨਹੀਂ ਲੱਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਂਬੂਲੈਂਸ ‘ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ, ਆਕਸੀਜਨ ਦੀ ਸਪਲਾਈ, ਫੋਲਡਿੰਗ ਸਟਰੇਚਰ ਦੀ ਕੁਆਲਿਟੀ ਆਦਿ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਜੀਲੈਂਸ ਦੁਆਰਾ ਐਂਬੂਲੈਂਸ 108 ਦਾ ਸਾਰਾ ਕਾਲ ਰਿਕਾਰਡ ਖੰਗਾਲਿਆ ਜਾਵੇਗਾ ਜਿਸ ‘ਚ ਦੇਖਿਆ ਜਾਵੇਗਾ ਕਿ ਕਦੋਂ ਕਦੋਂ ਐਂਬੂਲੈਂਸ ਨੂੰ ਕਾਲ ਆਈ ਅਤੇ ਕਿੰਨੀ ਦੇਰ ‘ਚ ਉਹ ਕਿਸ ਟਰੈਕ ਨਾਲ ਮਰੀਜ਼ ਕੋਲ ਪਹੁੰਚੀ ਅਤੇ ਉਸ ਨੂੰ ਕਿੰਨੀ ਦੇਰ ‘ਚ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਮੀਰਜ਼ ਨੂੰ ਕੀ-ਕੀ ਇਲਾਜ ਸੇਵਾ ਦਿੱਤੀ ਗਈ। ਇਸ ਗੱਲ ਦੀ ਵੀ ਜਾਂਚ ਹੋਵੇਗੀ ਕਿ ਇਹ ਐਂਬੂਲੈਂਸ ਕਿਸ ਕਿਸ ਪਾਰਕਿੰਗ ਪੁਆਇੰਟ ‘ਤੇ ਖੜ੍ਹੀ ਹੁੰਦੀ ਹੈ ਅਤੇ ਕਾਲ ਟਾਈਮ ਤੋਂ ਲੈ ਕੇ ਹਸਪਤਾਲ ਤਕ ਰੀਚਿੰਗ ਟਾਈਮ ਤਕ ਕਿੰਨਾ ਸਮਾਂ ਲਿਆ ਜਾਂਦਾ ਹੈ।
ਜ਼ਬਤ ਰਿਕਾਰਡ ਅਤੇ ਬਿੱਲਾਂ ਤੋਂ ਸਾਹਮਣੇ ਆਉਣਗੇ ਨਵੇਂ ਖੁਲਾਸੇ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਲੋਂ ਸਿਵਲ ਹਸਪਤਾਲ ‘ਚ ਚੈਕਿੰਗ ਕਰਨ ਗਏ ਡੀ. ਐੱਸ. ਪੀ. ਸਤਪਾਲ ਚੌਧਰੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ 108 ਐਂਬੂਲੈਂਸ ਦੇ ਡਰਾਈਵਰਾਂ ਤੇ ਮੈਡੀਕਲ ਸਟਾਫ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਹੈ ਉਹ ਕਿਵੇਂ ਆਪਣਾ ਕੰਮ ਕਰਦੇ ਹਨ ਕਿਵੇਂ ਉਨ੍ਹਾਂ ਨੂੰ ਫੋਨ ਆਉਂਦੇ ਹਨ ਤੇ ਕਿਵੇਂ ਉਹ ਮਰੀਜ਼ ਨੂੰ ਹਸਪਤਾਲ ਲੈ ਕੇ ਜਾਂਦੇ ਹਨ। ਇਸ ਤੋਂ ਇਲਾਵਾ ਸਰਕਾਰੀ ਏਡ ਨੂੰ ਕਿਵੇਂ ਖਰਚ ਕੀਤਾ ਜਾਂਦਾ ਅਤੇ ਉਸ ਦੇ ਬਿੱਲਾਂ ਬਾਰੇ ‘ਚ ਪੁੱਛਗਿੱਛ ਕੀਤੀ ਗਈ। ਇਸ ਮੌਕੇ ਵਿਜੀਲੈਂਸ ਨੇ ਰਿਕਾਰਡ ਵੀ ਜ਼ਬਤ ਕੀਤਾ ਹੈ। ਜਿਸ ਨਾਲ ਆਉਣ ਵਾਲੇ ਦਿਨਾਂ ‘ਚ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਸਾਹਮਣੇ ਆ ਸਕਦੇ ਹਨ।

You must be logged in to post a comment Login