ਅਸਤੀਫਾ ਦੇਣ ਤੋਂ ਬਾਅਦ ਰੂਪੋਸ਼ ਹੋ ਗਏ ‘ਬਜ਼ੁਰਗ’ ਢੀਂਡਸਾ

ਅਸਤੀਫਾ ਦੇਣ ਤੋਂ ਬਾਅਦ ਰੂਪੋਸ਼ ਹੋ ਗਏ ‘ਬਜ਼ੁਰਗ’ ਢੀਂਡਸਾ

ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਸਤੀਫਾ ਦੇਣ ਮਗਰੋਂ ਰੂਪੋਸ਼ ਹੋ ਗਏ ਹਨ, ਜਿਨ੍ਹਾਂ ਦਾ ਨੇੜਲਿਆਂ ਨੂੰ ਵੀ ਕੋਈ ਪਤਾ ਨਹੀਂ ਲੱਗ ਰਿਹਾ ਹੈ। ਇੱਥੋਂ ਤੱਕ ਕਿ ਅਕਾਲੀ ਨੇਤਾ ਵੀ ਢੀਂਡਸਾ ਦੇ ਹਰ ਟਿਕਾਣੇ ਤੱਕ ਪਹੁੰਚ ਕਰ ਚੁੱਕੇ ਹਨ ਪਰ ਕਿਸੇ ਦੇ ਹੱਥ ਕੁੱਝ ਨਹੀਂ ਲੱਗਾ। ਪਤਾ ਲੱਗਾ ਹੈ ਕਿ ਢੀਂਡਸਾ ਦੇ ਨੇੜਲਿਆਂ ਅਤੇ ਰਿਸ਼ਤੇਦਾਰਾਂ ਤੋਂ ਵੀ ਅਕਾਲੀ ਢੀਂਡਸਾ ਦੇ ਪਤੇ ਟਿਕਾਣੇ ਬਾਰੇ ਪੁੱਛਗਿੱਛ ਕਰਨ ਵਿਚ ਜੁਟੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਰੈਲੀ ਮਗਰੋਂ ਹੀ ਢੀਂਡਸਾ ਰੂਪੋਸ਼ੀ ‘ਚੋਂ ਬਾਹਰ ਆ ਸਕਦੇ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀਂ ਆਖਿਆ ਹੈ ਕਿ ਢੀਂਡਸਾ ਸਾਹਿਬ ਨਾਰਾਜ਼ ਨਹੀਂ, ਬਜ਼ੁਰਗ ਹੋ ਗਏ ਹਨ। ਖੁਦ ਢੀਂਡਸਾ ਨੇ ਆਪਣੇ ਅਸਤੀਫੇ ਵਿਚ ਵੱਡੀ ਉਮਰ ਅਤੇ ਸਿਹਤ ਠੀਕ ਨਾ ਹੋਣ ਦੀ ਗੱਲ ਰੱਖੀ ਹੈ। ਕੀ ਢੀਂਡਸਾ ਸੱਚ-ਮੁੱਚ ਬੁੱਢੇ ਹੋ ਗਏ ਹਨ, ਇਸ ਤੋਂ ਵੀ ਚਰਚੇ ਛਿੜੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਵਿਚ ਸਭ ਤੋਂ ਵੱਡੀ ਉਮਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੈ, ਜੋ 93 ਸਾਲ ਦੇ ਹਨ। ਉਮਰ ਦੇ ਲਿਹਾਜ ਨਾਲ ਦੂਜੇ ਨੰਬਰ ‘ਤੇ ਸੁਖਦੇਵ ਸਿੰਘ ਢੀਂਡਸਾ ਹਨ, ਜਿਨ੍ਹਾਂ ਦੀ ਜਨਮ ਮਿਤੀ 9 ਅਪ੍ਰੈਲ 1936 ਹੈ। ਇਸ ਹਿਸਾਬ ਨਾਲ ਉਨ੍ਹਾਂ ਦੀ ਉਮਰ 82 ਸਾਲ ਦੇ ਕਰੀਬ ਹੈ। ਪਾਰਟੀ ਵਿਚ ਤੀਜੇ ਨੰਬਰ ‘ਤੇ ਉਮਰ ਪੱਖੋਂ ਰਣਜੀਤ ਸਿੰਘ ਬ੍ਰਹਮਪੁਰਾ ਹਨ, ਜੋ 80 ਸਾਲ ਦੇ ਹਨ ਅਤੇ ਉਨ੍ਹਾਂ ਦੀ ਜਨਮ ਤਰੀਕ 8 ਨਵੰਬਰ 1937 ਹੈ। ਪਾਰਟੀ ਅੰਦਰ ਚੌਥੇ ਨੰਬਰ ‘ਤੇ ਉਮਰ ਪੱਖੋਂ ਬਲਵਿੰਦਰ ਸਿੰਘ ਭੂੰਦੜ ਆਉਂਦੇ ਹਨ, ਜਿਨ੍ਹਾਂ ਦਾ ਜਨਮ 20 ਸਤੰਬਰ 1944 ਹੈ ਅਤੇ ਉਹ ਕਰੀਬ 74 ਸਾਲ ਦੇ ਹਨ। ਮੌਜੂਦਾ ਰਾਜ ਸਭਾ ਮੈਂਬਰਾਂ ਦੀ ਉਮਰ ‘ਤੇ ਨਜ਼ਰ ਮਾਰੀਏ ਤਾਂ ਰਾਜ ਸਭਾ ਵਿਚ 41 ਐਮ.ਪੀਜ਼ ਦੀ ਉਮਰ ਢੀਂਡਸਾ ਤੋਂ ਵੱਡੀ ਹੈ। ਇਨ੍ਹਾਂ ਵਿਚੋਂ 19 ਮੈਂਬਰਾਂ ਦੀ ਉਮਰ ਢੀਂਡਸਾ ਦੇ ਬਰਾਬਰ ਹੈ।
ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੋਂ ਅੰਦਰੀਂ ਚਰਚੇ ਹਨ ਕਿ ਢੀਂਡਸਾ ਦੇ ਅਸਤੀਫੇ ਨੇ ਬਾਦਲ ਪਰਿਵਾਰ ਨੂੰ ਵਾਹਣੀਂ ਪਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਬਾਦਲ ਨੇ ਖੁਦ ਪਟਿਆਲਾ ਅਤੇ ਬਠਿੰਡਾ ਜ਼ਿਲੇ ਵਿਚ ਮੀਟਿੰਗਾਂ ਕੀਤੀਆਂ ਹਨ ਜਦੋਂਕਿ ਸੁਖਬੀਰ ਬਾਦਲ ਨੇ ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲੇ ਵਿਚ ਮੀਟਿੰਗਾਂ ਕੀਤੀਆਂ ਹਨ। ਸੂਤਰ ਦੱਸਦੇ ਹਨ ਕਿ ਸੁਖਬੀਰ ਬਾਦਲ ਦੀ ਪੁਰਾਣੇ ਅਕਾਲੀਆਂ ਪ੍ਰਤੀ ਬੋਲਬਾਣੀ ਵਿਚ ਵੀ ਕਾਫੀ ਬਦਲਾਅ ਆ ਗਿਆ ਹੈ।

You must be logged in to post a comment Login