ਜਲੰਧਰ- ਮਾਮੂਲੀ ਅਪਰਾਧਾਂ ਦੇ ਤਹਿਤ ਪੰਜਾਬ ਦੀਆਂ ਜੇਲਾਂ ‘ਚ ਬੰਦ 30 ਕੈਦੀਆਂ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਤਿੰਨ ਦੀ ਰਿਹਾਈ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਅਤੇ ਜੁਰਮਾਨਾ ਨਾ ਭਰਨ ਕਾਰਨ ਰੁਕ ਗਈ। ਸਰਕਾਰ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ‘ਤੇ ਇਨ੍ਹਾਂ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਦੇ ਵੀ ਦੋ ਕੈਦੀ ਗੁਰਨਾਮ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਰਿਹਾਅ ਕੀਤਾ ਜਾਣਾ ਸੀ ਪਰ ਦੋਵੇਂ ਹੀ ਕੈਦੀਆਂ ਵੱਲੋਂ ਜੁਰਮਾਨੇ ਦੀ ਰਕਮ ਨਾ ਭਰਨ ਦੇ ਚਲਦਿਆਂ ਉਨ੍ਹਾਂ ਦੀ ਰਿਹਾਈ ਵਿਚਾਲੇ ਹੀ ਲਟਕ ਗਈ। ਦੋਵੇਂ ਹੀ ਕੈਦੀਆਂ ‘ਤੇ ਅਦਾਲਤ ਨੇ ਸਿਰਫ 5 ਹਜ਼ਾਰ ਅਤੇ 2 ਹਜ਼ਾਰ ਦਾ ਜੁਰਮਾਨਾ ਕੀਤਾ ਹੋਇਆ ਹੈ। ਫਿਰੋਜ਼ਪੁਰ ਤੋਂ ਗੁਰਮੁਖ ਸਿੰਘ ਦੀ ਰਿਹਾਈ ਹੋਈ। ਦੂਜੇ ਕੈਦੀ ਦੇ ਦਸਤਾਵੇਜ਼ ਪੂਰੇ ਨਹੀਂ ਸਨ। ਸ੍ਰੀ ਮੁਕਤਸਰ ਸਾਹਿਬ ਦੀ ਜੇਲ ਤੋਂ ਮੁਖਤਿਆਰ ਸਿੰਘ, ਮਾਨਸਾ ਜ਼ਿਲਾ ਜੇਲ ਤੋਂ ਹਰਚਰਨ ਸਿੰਘ ਅਤੇ ਬਠਿੰਡਾ ਦੀ ਜੇਲ ਤੋਂ ਪਿੰਡ ਭੁੱਚੋਂ ਕਲਾਂ ਦੇ ਬਲਦੇਵ ਸਿੰਘ ਸਮੇਤ ਤਿੰਨ ਕੈਦੀਆਂ ਨੂੰ ਰਿਹਾਅ ਕਰਵਾਇਆ। ਫਰੀਦਕੋਟ ਜੇਲ ਤੋਂ ਰਿਹਾਅ ਹੋਣ ਵਾਲੇ ਕੈਦੀਆਂ ‘ਚ ਫਰੀਦਕੋਟ ਜੇਲ ‘ਚ ਬੰਦ ਮੋਗਾ ਦੇ ਪਿੰਡ ਬੁਰਜ ਹਮੀਰਾ ਵਾਸੀ ਗੁਰਨਾਮ ਸਿੰਘ ਅਤੇ ਅੰਮ੍ਰਿਤਸਰ ਵਾਸੀ ਨਿਸ਼ਾਨ ਸਿੰਘ ਰਾਜੂ ਵੀ ਸ਼ਾਮਲ ਸਨ। ਫਰੀਦਕੋਟ ਜੇਲ ਦੇ ਸੁਪਰਡੈਂਟ ਜਸਪਾਲ ਸਿੰਘ ਨੇ ਕਿਹਾ ਕਿ ਦੋਵੇਂ ਕੈਦੀਆਂ ਨੂੰ ਜੁਰਮਾਨਾ ਭਰਦੇ ਹੀ ਰਿਹਾਅ ਕਰ ਦਿੱਤਾ ਜਾਵੇਗਾ। ਅੰਮ੍ਰਿਤਸਰ ਕੇਂਦਰੀ ਜੇਲ ਤੋਂ ਰਿਹਾਅ ਹੋਏ ਸੇਵਾ ਮੁਕਤ ਫੌਜੀ ਸ਼ੁਬੇਗ ਸਿੰਘ ਨੇ ਦੱਸਿਆ ਕਿ ਉਹ ਜੇਲ ‘ਚ ਗਾਂਧੀ ਜਯੰਤੀ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ। ਜੇਲ ਸੁਪਰਡੈਂਟ ਅਰਸ਼ਦੀਪ ਸਿੰਘ ਨੇ ਗਾਂਧੀ ਜੀ ਦੀ ਤਸਵੀਰ, ਫੁੱਲ ਮਾਲਾਵਾਂ ਅਤੇ ਗਾਂਧੀ ਜੀ ‘ਤੇ ਲਿਖੀ ਕਿਤਾਬ ਮੰਗਵਾਈ। ਸਜ਼ਾ ਪੂਰੀ ਹੋਣ ‘ਤੇ ਪਹਿਲਾਂ ਰਿਹਾਅ ਹੋਏ ਬਜ਼ੁਰਗ ਨੇ ਜੇਲ ਕੰਪਲੈਕਸ ‘ਚ ਹੀ ਗਾਂਧੀ ਜੀ ਦੀ ਤਸਵੀਰ ‘ਤੇ ਫੁੱਲ ਮਾਲਾ ਚੜ੍ਹਾਈ ਅਤੇ ਪ੍ਰਣ ਲਿਆ ਕਿ ਉਹ ਗਾਂਧੀ ਜੀ ਦੇ ਦਿਖਾਏ ਰਸਤੇ ‘ਤੇ ਚੱਲਣਗੇ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨਗੇ।

You must be logged in to post a comment Login