ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਦਾਖਾਂ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਨੇ ਬੇਅਦਬੀ ਮਾਮਲਿਆਂ ਤੋਂ ਦੁਖੀ ਹੋ ਕੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫਾ ਈ ਮੇਲ ਰਾਹੀਂ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਹੈ। ਇਸ ਦੇ ਨਾਲ ਹੀ ਫੂਲਕਾ ਦੁਪਹਿਰ ਬਾਅਦ 3 ਵਜੇ ਭਾਰਤੀ ਚੋਣ ਕਮਿਸ਼ਨਰ ਦੇ ਦਫਤਰ ਜਾਣਗੇ। ਫੂਲਕਾ ਨੇ ਅਸਤੀਫਾ ਦੇਣ ਪਿੱਛੇ ਮੁੱਖ ਕਾਰਨ ਪੰਜਾਬ ਸਰਕਾਰ ਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਸ ਗੋਲੀਬਾਰੀ ‘ਚ ਮਾਰੇ ਗਏ 2 ਨੌਜਵਾਨਾਂ ਦੇ ਮਾਮਲੇ ‘ਚ ਪਾਏ ਗਏ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ‘ਚ ਢਿੱਲ ਵਰਤਣਾ ਦੱਸਿਆ ਹੈ। ਫੂਲਕਾ ਨੇ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਜਿਸ ਲਈ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਆਪਣੇ ਜ਼ਿਆਦਾ ਰੁਝੇਵੇਂ ਨੂੰ ਕਾਰਨ ਦੱਸਿਆ ਸੀ । ਪਹਿਲਾਂ ਕੀਤੇ ਗਏ ਐਲਾਨ ਸਬੰਧੀ ਪੁੱਛਣ ‘ਤੇ ਫੂਲਕਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਮੱਥਾ ਟੇਕਣ ਤੋਂ ਬਾਅਦ ਚੰਡੀਗੜ੍ਹ ‘ਚ ਅਸਤੀਫਾ ਸੌਂਪਣਾ ਫਿਲਹਾਲ ਉਨ੍ਹਾਂ ਲਈ ਸੰਭਵ ਨਹੀਂ ਹੈ ਕਿਉਂਕਿ ਸੱਜਣ ਕੁਮਾਰ ਸਬੰਧੀ ਮਾਮਲੇ ਦੀ ਸੁਣਵਾਈ ਹੈ।


You must be logged in to post a comment Login