ਪਟਿਆਲਾ : ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿਚ ਆਪਣੀਆਂ ਤਨਖਾਹਾਂ ਲੈਣ ਲਈ ਅੱਜ ਸੈਂਕੜੇ ਅਧਿਆਪਕਾਂ ਨੇ ਮੰਡੀਕਰਨ ਬੋਰਡ ਦੇ ਚੈਅਰਮੈਨ ਲਾਲ ਸਿੰਘ ਦੀ ਕੋਠੀ ਵੱਲ ਰੋਸ ਮਾਰਚ ਕਰਕੇ ਅਧਿਕਾਰੀਆਂ ਨੂੰ ਕੈਪਟਨ ਸਰਕਾਰ ਦਾ ਚੋਣ ਮੈਨੀਫੈਸਟੋ ਭੇਂਟ ਕੀਤਾ ਅਤੇ ਮੈਨੀਫੈਸਟੋ ਵਿਚ ਕੀਤੇ ਵਾਅਦੇ ਯਾਦ ਕਰਵਾਏ ਗਏ। ਅਧਿਆਪਕਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅੱਜ 27 ਅਧਿਆਪਕਾਂ ਨੂੰ ਭੁੱਖ ਹੜਤਾਲ ‘ਤੇ ਬੈਠਾਇਆ ਜਿਸ ਨਾਲ ਇਹ ਮੋਰਚਾ ਹੁਣ 22ਵੇਂ ਦਿਨ ਵਿਚ ਸ਼ਾਮਲ ਹੋ ਗਿਆ ।
ਪੱਕੇ ਮੋਰਚੇ ਦੇ ਕੈਂਪ ਵਿਚ ਜੁੜੇ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕੈਪਟਨ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵਲੋਂ 5 ਨਵੰਬਰ ਨੂੰ ਮੋਰਚੇ ਦੀ ਮੁੱਖ ਮੰਤਰੀ ਨਾਲ ਤੈਅ ਕਰਵਾਈ ਮੀਟਿੰਗ ਵਿਚ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲੈਣ, ਕੱਚੇ ਤੇ ਠੇਕਾ ਆਧਾਰਿਤ ਅਧਿਆਪਕਾਂ ਦੀਆਂ ਸੇਵਾਵਾਂ ਪੂਰੀਆਂ ਤਨਖਾਹਾਂ ‘ਤੇ ਰੈਗੂਲਰ ਕਰਨ, ਅਧਿਆਪਕਾਂ ਦੇ ਹੱਕੀ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਦੀ ਨੀਤੀ ਨਾਲ ਬਿਨਾਂ ਕਿਸੇ ਦੋਸ਼ ਅਤੇ ਜਾਂਚ ਤੋਂ ਕੀਤੀਆਂ ਸਸਪੈਂਸ਼ਨਾਂ, ਬਦਲੀਆਂ ਰੱਦ ਕਰਨ, ਅਧਿਆਪਕਾਂ ਨੂੰ ਥਾਂ-ਥਾਂ ਜਲੀਲ ਕਰਨ ਵਾਲੇ ਅਤੇ ਸੂਬੇ ਦੇ ਲੋਕਾਂ ਸਾਹਮਣੇ ਝੂਠੇ ਅੰਕੜੇ ਰੱਖਣ ਵਾਲੇ ਸਿੱਖਿਆ ਸਕੱਤਰ ਦੀ ਵਿਭਾਗ ‘ਚੋਂ ਬਦਲੀ ਕਰਵਾਉਣ ਸਮੇਤ ਸਿੱਖਿਆ ਤੇ ਅਧਿਆਪਕਾਂ ਨਾਲ ਜੁੜੀਆਂ ਹੋਰਨਾਂ ਮੰਗਾਂ ਨੂੰ ਗੰਭੀਰਤਾ ਨਾਲ ਹੱਲ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਨੂੰ ਸੰਘਰਸ਼ਾਂ ਦਾ ਪਿੱੜ ਬਣਾਇਆ ਜਾਵੇਗਾ ਜਿਸ ਦੀ ਸਿਆਸੀ ਕੀਮਤ ਕਾਂਗਰਸ ਦੇ ਸੂਬਾਈ ਤੇ ਕੇਂਦਰੀ ਆਗੂਆਂ ਨੂੰ ਆਉਣ ਵਾਲੀਆਂ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਵਿਚ ਚੁਕਾਉਣੀ ਪਵੇਗੀ ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਮੌਜੂਦਾ ਸਿੱਖਿਆ ਮੰਤਰੀ ਓ. ਪੀ. ਸੋਨੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ, ਸਾਂਝੇ ਅਧਿਆਪਕ ਮੋਰਚੇ ਅਤੇ ਅਧਿਆਪਕਾਂ ਖ਼ਿਲਾਫ਼ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਖਿਲਾਫ ਸਮੂਹ ਅਧਿਆਪਕ ਵਰਗ ਵਿਚ ਤਿੱਖੇ ਰੋਸ ਦੀ ਲਹਿਰ ਹੈ ਜਿਸ ਨੂੰ ਮੁੱਖ ਮੰਤਰੀ ਵੱਲੋਂ ਨਿੱਜੀ ਦਖਲ ਦੇ ਕੇ ਅਧਿਆਪਕਾਂ ਦਾ ਮਾਣ ਸਨਮਾਨ ਬਹਾਲ ਕਰਨ, ਹੱਕੀ ਮੰਗਾਂ ਨੂੰ ਫੌਰੀ ਤੌਰ ‘ਤੇ ਲਾਗੂ ਕਰਨ ਅਤੇ ਉਸਾਰੂ ਗੱਲਬਾਤ ਦਾ ਮਾਹੌਲ ਤਿਆਰ ਕਰਕੇ ਹੀ ਸ਼ਾਂਤ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਇਕ ਪਾਸੇ ਸਿੱਖਿਆ ਸਕੱਤਰ ਵੱਲੋਂ ਖੜ੍ਹੇ ਕੀਤੇ ਝੂਠ ਤੰਤਰ ਦਾ ਪਰਦਾਫਾਸ਼ ਹੋਣ ਤੇ ਅਧਿਆਪਕ ਆਗੂਆਂ ਦੀਆਂ ਬਦਲਾਖੋਰੀ ਦੀ ਭਾਵਨਾ ਨਾਲ ਦੂਰ ਦੁਰਾਡੇ ਸਟੇਸ਼ਨਾਂ ‘ਤੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸਿੱਖਿਆ ਮੰਤਰੀ ਵੱਲੋਂ ਬਿਨਾਂ ਕਿਸੇ ਬਦਲੀ ਨੀਤੀ ਤੋਂ ਕੀਤੀਆਂ ਜਾ ਰਹੀਆਂ ਬੇਮੌਸਮੀ ਧੜਾਧੜ ਬਦਲੀਆਂ ਸਿੱਖਿਆ ਵਿਭਾਗ ਵਿਚ ਫੈਲੇ ਵਿਆਪਕ ਭ੍ਰਿਸ਼ਟਾਚਾਰ ਦਾ ਜਨਤਕ ਸਬੂਤ ਹੈ ਜਿਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ।

You must be logged in to post a comment Login