ਜੈਪੁਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਅਤੇ ਸੂਬੇ ਦੀ ਵਸੁੰਧਰਾ ਸਰਕਾਰ ‘ਤੇ ਜਮ ਕੇ ਹਮਲਾ ਬੋਲਿਆ। ਅਰਵਿੰਦ ਕੇਜਰੀਵਾਲ ਨੇ ਸੀ. ਬੀ. ਆਈ ਵਿਵਾਦ ‘ਤੇ ਮੋਦੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਇਸ ਦਾ ਸਿੱਧਾ ਸਬੰਧ ਰਾਫੇਲ ਡੀਲ ਨਾਲ ਹੈ ਅਤੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ ਹੈ। ਕੇਜਰੀਵਾਲ ਨੇ ਅੱਜ ਇੱਥੇ ਕਿਸਾਨ ਮਹਾਪੰਚਾਇਤ ਦੇ ਪ੍ਰਧਾਨ ਅਤੇ ‘ਆਪ’ ਨੇਤਾ ਰਾਮ ਪਾਲ ਜਾਟ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਾਉਣ ਤੋਂ ਬਾਅਦ ਮੀਡੀਆ ਨੂੰ ਇਹ ਗੱਲ ਆਖੀ। ਕੇਜਰੀਵਾਲ ਨੇ ਰਾਜਸਥਾਨ ਵਿਚ ਕਿਸਾਨਾਂ ਦੇ ਹਾਲਾਤ ਖਰਾਬ ਹੋਣ ਦਾ ਦੋਸ਼ ਲਾਇਆ।
ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਦਿੱਲੀ ਦੀ ਜਨਤਾ ਅੱਜ ਮਾਣ ਨਾਲ ਇਹ ਕਹਿੰਦੀ ਹੈ ਕਿ ਸਾਡਾ ਮੁੱਖ ਮੰਤਰੀ ਈਮਾਨਦਾਰ ਹੈ, ਕੀ ਸਾਡੇ ਦੇਸ਼ ਦੇ ਲੋਕ ਇਹ ਕਹਿ ਸਕਦੇ ਹਨ ਕਿ ਸਾਡਾ ਪ੍ਰਧਾਨ ਮੰਤਰੀ ਈਮਾਨਦਾਰ ਹੈ? ਰਾਫੇਲ ਡੀਲ ਅਤੇ ਵਿਜੇ ਮਾਲਿਆ ਮਾਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦੀ ਈਮਾਨਦਾਰੀ ‘ਤੇ ਜਨਤਾ ਪ੍ਰਸ਼ਨ ਕਰਨ ਲੱਗੀ ਹੈ।
ਉਨ੍ਹਾਂ ਨੇ ਕਿਹਾ ਕਿ ਸੀ. ਬੀ. ਆਈ. ਵਿਵਾਦ ਦਾ ਸਿੱਧਾ ਸਬੰਧ ਰਾਫੇਲ ਡੀਲ ਨਾਲ ਹੈ ਅਤੇ ਕੇਂਦਰ ਸਰਕਾਰ ਰਾਫੇਲ ਮਾਮਲੇ ਦੀ ਜਾਂਚ ਕਰਨ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਾਉਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜਸਥਾਨ ਵਿਚ ਕਿਸੇ ਹੋਰ ਪਾਰਟੀ ਨਾਲ ਕੋਈ ਗਠਜੋੜ ਨਹੀਂ ਕਰੇਗੀ ਅਤੇ ਵਿਧਾਨ ਸਭਾ ਚੋਣਾਂ ਲਈ ਪ੍ਰਦੇਸ਼ ਵਿਚ ਸਾਰੀਆਂ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ।

You must be logged in to post a comment Login