ਸ੍ਰੀ ਆਨੰਦਪੁਰ ਸਾਹਿਬ – ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ 5 ਉਮੀਦਵਾਰਾਂ ਸਬੰਧੀ ਬੋਲਦੇ ਹੋਏ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਐਲਾਨ ਸਵਰਾਜ ਦੇ ਉਸ ਵਿਧਾਨ ਅਨੁਸਾਰ ਨਹੀਂ ਕੀਤਾ ਗਿਆ, ਜਿਸ ਦਾ ਏਜੰਡਾ ਲੈ ਕੇ ਪਾਰਟੀ ਹੋਂਦ ‘ਚ ਆਈ ਸੀ। ਇਸ ਦੇ ਪੁਨਰਵਿਚਾਰ ਲਈ ਅਸੀਂ ਪਾਰਟੀ ਨੂੰ 8 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਦਿਨਾਂ ‘ਚ ਪਾਰਟੀ ਹਾਈਕਮਾਂਡ ਵੱਲੋਂ ਕੋਈ ਸਾਰਥਕ ਹੁੰਗਾਰਾ ਨਾ ਦਿੱਤਾ ਤਾਂ ਉਹ ਅਗਲੀ ਰੂਪ-ਰੇਖਾ ਉਲੀਕਣਗੇ ਅਤੇ ਸਮਾਂ ਆਉਣ ‘ਤੇ ਸਿਆਸੀ ਭਾਈਵਾਲ ਧਿਰਾਂ ਨਾਲ ਸਾਂਝ ਸਬੰਧੀ ਲਏ ਜਾਣ ਵਾਲੇ ਫੈਸਲੇ ‘ਤੇ ਵਿਚਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ‘ਆਪ’ ਨੇ ਉਮੀਦਵਾਰਾਂ ਦੇ ਐਲਾਨ ਮੌਕੇ ਕੋਈ ਪ੍ਰੋਸੈਸ ਫੋਲੋ ਨਹੀਂ ਕੀਤਾ ਹੈ। ਇਸ ਸਬੰਧੀ ਨਾ ਤਾਂ ਕਿਸੇ ਨਾਲ ਕੋਈ ਮੀਟਿੰਗ ਕੀਤੀ ਗਈ ਅਤੇ ਨਾ ਹੀ ਕੋਈ ਰਾਏ ਲਈ ਗਈ। ਉਨ੍ਹਾਂ ਨੇ ਕਿਹਾ ਕਿ ਧੜਿਆ ਵਿਚਾਲੇ ਚੱਲ ਰਹੀ ਗੱਲਬਾਤ ਨੂੰ ਦੇਖਦੇ ਹੋਏ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅੱਜ ਤੀਜੇ ਬਦਲ ਦੀ ਲੋਕਾਂ ਨੂੰ ਤਲਾਸ਼ ਹੈ ਅਤੇ ਉਹ ਤੀਜੇ ਬਦਲ ਨੂੰ ਇਕ ਮਜ਼ਬੂਤ ਧਿਰ ਵਜੋਂ ਸਥਾਪਤ ਕਰਨਗੇ। ਪੰਜਾਬ ਅੰਦਰ ਬਾਦਲ ਪਰਿਵਾਰ ਦੀਆਂ ਗਲਤ ਨੀਤੀਆਂ ਕਾਰਨ ਅਕਾਲੀ ਦਲ ਦਾ ਵਜੂਦ ਖਤਮ ਹੋ ਚੁੱਕਾ ਹੈ। ਅੱਜ ਕਦੇ 1984 ਦੇ ਕਤਲੇਆਮ ਅਤੇ ਕਦੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਜ਼ਰੀਆ ਬਣਾ ਕੇ ਸੌੜੀ ਸਿਆਸਤ ਖੇਡ ਰਿਹਾ ਹੈ ਜਦਕਿ ਅੱਜ ਸਮੁੱਚਾ ਸਿੱਖ ਜਗਤ ਅਕਾਲੀ ਦਲ ਤੋਂ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਪ੍ਰਤੀ ਜੁਆਬ ਮੰਗ ਰਿਹਾ ਹੈ। ਖਹਿਰਾ ਨੇ ਕਿਹਾ ਕਿ ਬੇਅਦਬੀ ਕਾਂਡ ਦੇ ਮਾਮਲੇ ‘ਚ ਵੀ ਅਗਲੇ ਦਿਨੀਂ ਅਹਿਮ ਐਲਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਬੀਤੇ ਦਿਨ ਸਤਲੁਜ ਦਰਿਆ ਅਤੇ ਸਵਾਂ ਨਦੀ ‘ਚ ਰੋਜ਼ਾਨਾ ਕਰੋੜਾਂ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮੱਦੇਨਜ਼ਰ ਮਾਈਨਿੰਗ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਗਰਾਊਂਡ ਜ਼ੀਰੋ ਤੱਕ ਵੱਡੇ ਪੈਮਾਨੇ ‘ਤੇ ਕੀਤੀ ਗਈ ਨਾਜਾਇਜ਼ ਖੋਦਾਈ ਦਾ ਮੀਡੀਆ ਅੱਗੇ ਪਰਦਾਫਾਸ਼ ਕੀਤਾ ਸੀ।

You must be logged in to post a comment Login