ਸੁਲਤਾਨਪੁਰ ਲੋਧੀ – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਨਵੰਬਰ ਨੂੰ ਪੰਜਾਬ ਆ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਲਈ ਬਕਾਇਦਾ ਸੱਦਾ ਵੀ ਭੇਜਿਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 23 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ‘ਤੇ ਆਯੋਜਿਤ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੇ ਚਲਦਿਆਂ ਜ਼ਿਲਾ ਪ੍ਰਸ਼ਾਸਨ ਨੇ ਇਕ ਵਿਸ਼ੇਸ਼ ਮੀਟਿੰਗ ਕਰਕੇ ਅੱਜ ਇਸ ਦਾ ਜਾਇਜ਼ਾ ਲਿਆ। ਜ਼ਿਲਾ ਪ੍ਰ੍ਰਸ਼ਾਸਨ ਮੁਤਾਬਕ 549ਵੇਂ ਗੁਰਪੁਰਬ ਨੂੰ 2019 ‘ਚ ਕੌਮਾਂਤਰੀ ਪੱਧਰ ‘ਤੇ ਮਨਾਏ ਜਾਣ ਵਾਲੇ ਗੁਰੂ ਸਾਹਿਬ ਦੇ 550ਵੇਂ ਸਮਾਰੋਹ ਦੀਆਂ ਤਿਆਰੀਆਂ ਦੇ ਰੂਪ ‘ਚ ਵੀ ਦੇਖਿਆ ਜਾ ਰਿਹਾ ਹੈ।
ਸੂਬਾ ਪੱਧਰੀ ਹੋਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਰੂਪ ਨਾਲ ਆ ਰਹੇ ਹਨ ਅਤੇ ਇਸ ਦਿਨ ਉਹ ਸੁਲਤਾਨਪੁਰ ਲੋਧੀ ਦੇ ਕਈ ਨਵੇਂ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇਸ਼ ਸਮਾਗਮ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਕਈ ਕੇਂਦਰੀ ਮੰਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਸੁਲਤਾਨਪੁਰ ਲੋਧੀ ‘ਚ 2019 ਦੇ ਪ੍ਰੋਗਰਾਮ ਨੂੰ ਲੈ ਕੇ ਵਿਸ਼ੇਸ਼ ਰੂਪ ਨਾਲ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਲਈ ਉਨ੍ਹਾਂ ਨੇ ਐੱਸ. ਜੀ. ਪੀ. ਸੀ. ਦੇ ਰੋਲ ‘ਤੇ ਜਿੱਥੇ ਅਫਸੋਸ ਜਤਾਇਆ, ਉਥੇ ਹੀ ਕੇਂਦਰ ਸਰਕਾਰ ਤੋਂ ਵੀ ਸੂਬਾ ਸਰਕਾਰ ਵੱਲੋਂ ਇਸ ਸਮਾਗਮ ਦੀ ਸਫਲਤਾ ਲਈ 2145 ਕਰੋੜ ਦੀ ਭੇਜੀ ਤਜਵੀਜ਼ ‘ਤੇ ਅਜੇ ਕੇਂਦਰ ਤੋਂ ਕੋਈ ਜਵਾਬ ਨਾ ਮਿਲਣ ‘ਤੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਇਸ ਸਮਾਗਮ ਲਈ ਸਹਿਯੋਗ ਲਈ ਉਮੀਦ ਕਰ ਰਹੀ ਹੈ।

You must be logged in to post a comment Login