ਕਦੋਂ ਰੁਕੇਗਾ ਅਕਾਲੀ ਦਲ ਦਾ ਅੰਦਰੂਨੀ ਸੰਕਟ!

ਕਦੋਂ ਰੁਕੇਗਾ ਅਕਾਲੀ ਦਲ ਦਾ ਅੰਦਰੂਨੀ ਸੰਕਟ!

ਜਲੰਧਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲਰ’ਚ ਪਿਆ ਖਿਲਾਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਲਮ ਇਹ ਹੈ ਕਿ ਵੱਡੇ ਅਤੇ ਟਕਸਾਲੀ ਆਗੂ ਆਪਣੇ ਅਹੁਦਿਆਂ ਤੋਂ ਧੜਾ-ਧੜ ਅਸਤੀਫੇ ਦੇ ਰਹੇ ਹਨ। ਪਿਛਲੇ ਸਮੇਂ ਦੌਰਾਨ ਜਿੱਥੇ ਅਕਾਲੀ ਦਲ ਦੇ ਵੱਡੇ ਜਰਨੈਲ ਸੁਖਦੇਵ ਸਿੰਘ ਢੀਂਡਸਾ ਅਤੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਹੁਦਿਆਂ ਤੋਂ ਅਸਤੀਫਾ ਦਿੱਤਾ, ਉੱਥੇ ਹੀ ਲੰਮੇ ਸਮੇਂ ਤੋਂ ਨਾਰਾਜ਼ ਚੱਲਦੇ ਆ ਰਹੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਦੀ ਕੋਰ ਕਮੇਟੀ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅੱਜ ਵੱਡਾ ਧਮਾਕਾ ਕਰ ਦਿੱਤਾ। ਅਕਾਲੀ ਦਲ ਵਿਚ ਲੱਗੀ ਅਸਤੀਫਿਆਂ ਦੀ ਝੜੀ ਨੇ ਪਾਰਟੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ।
ਭਾਵੇਂ ਕਿ ਸੇਖਵਾਂ ਨੇ ਸਿਰਫ ਪਾਰਟੀ ਦੇ ਅਹੁਦਿਆਂ ਤੋਂ ਹੀ ਅਸਤੀਫੇ ਦਾ ਐਲਾਨ ਕੀਤਾ ਸੀ ਪਰ ਪਾਰਟੀ ਨੇ ਸੁਖਬੀਰ ਖਿਲਾਫ ਆਵਾਜ਼ ਚੁੱਕਣ ਦੇ ਕੁਝ ਘੰਟਿਆਂ ਪਿੱਛੋਂ ਹੀ ਸੇਖਵਾਂ ਨੂੰ ਬਾਹਰ ਦਾ ਰਸਤਾ ਵੀ ਵਿਖਾ ਦਿੱਤਾ।
ਇਸ ਤਰ੍ਹਾਂ ਸ਼ੁਰੂ ਹੋਇਆ ਬਗਾਵਤ ਦਾ ਦੌਰ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਨਾਮ ਆਉਣ ਤੋਂ ਬਾਅਦ 2 ਸਤੰਬਰ ਨੂੰ ਪਾਰਟੀ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਜਥੇਦਾਰ ਦੇ ਅਸਤੀਫੇ ਦੀ ਮੰਗ ਕੀਤੀ ਸੀ। ਅਸਤੀਫੇ ਦੀ ਇਸ ਮੰਗ ਨਾਲ ਅਕਾਲੀ ਦਲ ਵਿਚ ਉਹ ਦੌਰ ਸ਼ੁਰੂ ਹੋਇਆ, ਜਿਸ ਦੀ ਕਿਸੇ ਨੇ ਉਮੀਦ ਵੀ ਨਹੀਂ ਸੀ ਕੀਤੀ। ਇਸ ਤੋਂ ਬਾਅਦ ਪਾਰਟੀ ਦੀਆਂ ਨੀਤੀਆਂ ਤੋਂ ਖਫਾ ਵੱਡੇ ਜਰਨੈਲ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ, ਇਸ ਅਸਤੀਫੇ ਨੇ ਅਕਾਲੀ ਦਲ ਵਿਚ ਬਗਾਵਤ ਦੀ ਲਹਿਰ ਦਾ ਅਜਿਹਾ ਮੁੱਢ ਬੰਨ੍ਹਿਆ ਜੋ ਅਜੇ ਤਕ ਜਾਰੀ ਹੈ।

You must be logged in to post a comment Login