ਸਰਦੀਆਂ ‘ਚ ਪੰਜਾਬ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਹਵਾਈ ਸਫਰ ਹੋਇਆ ਆਸਾਨ

ਸਰਦੀਆਂ ‘ਚ ਪੰਜਾਬ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਹਵਾਈ ਸਫਰ ਹੋਇਆ ਆਸਾਨ

ਬ੍ਰਿਸਬੇਨ – ਪੰਜਾਬ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ, ਫਿਲਪੀਨਜ਼ ਦੇ ਸ਼ਹਿਰਾਂ ਵਿਚਾਲੇ ਸਰਦ ਰੁੱਤ ਵਿਚ ਹੁਣ ਪਿਛਲੇ ਸਾਲ ਦੇ ਮੁਕਾਬਲੇ ਸਫ਼ਰ ਕਰਨਾ ਬਹੁਤ ਸੌਖਾ ਹੋ ਗਿਆ ਹੈ। ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਹਵਾਈ ਕੰਪਨੀ ਏਅਰ ਏਸ਼ੀਆ ਐਕਸ, ਜਿਸ ਨੇ ਅਗਸਤ 2018 ਵਿਚ ਅੰਮ੍ਰਿਤਸਰ ਤੋਂ ਆਪਣੀਆਂ ਉਡਾਨਾਂ ਸ਼ੁਰੂ ਕੀਤੀਆਂ ਸਨ, ਨੇ ਆਪਣੀ ਕੁਆਲਾਲੰਪੁਰ-ਅੰਮ੍ਰਿਤਸਰ ਉਡਾਨ ਸਰਦ ਰੁੱਤ ਦੇ ਸਮੇਂ 28 ਅਕਤੂਬਰ ਤੋਂ 31 ਜਨਵਰੀ 2019 ਤੱਕ ਤਬਦੀਲੀ ਕੀਤੀ ਹੈ। ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਏਅਰ ਏਸ਼ੀਆ ਦੀ ਵੈੱਬਸਾਈਟ ਅਨੁਸਾਰ ਉਡਾਣ ਦੀ ਆਗਮਨ ਅਤੇ ਰਵਾਨਗੀ ਰਾਤ ਤੋਂ ਬਦਲ ਕੇ ਦੁਪਹਿਰ ਦੀ ਕਰ ਦਿੱਤੀ ਗਈ ਹੈ। ਇਹ ਉਡਾਣਾਂ ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹਫ਼ਤੇ ਵਿਚ 4 ਦਿਨ ਚਲਦੀਆ ਰਹਿਣਗੀਆਂ। ਏਅਰ ਏਸ਼ੀਆ ਦੀ ਉਡਾਣ ਡੀ 7188 ਸਵੇਰੇ 7:20 ਵਜੇ ਕੁਆਲਾਲੰਪੁਰ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 10:25 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਦੀ ਵਾਪਸੀ ਫਲਾਈਟ ਡੀ 7187 ਅੰਮ੍ਰਿਤਸਰ ਤੋਂ 11:40 ਵਜੇ ਚਲ ਕੇ ਸ਼ਾਮ ਨੂੰ 8 ਵਜੇ ਕੁਆਲਾਲੰਪੁਰ ਪਹੁੰਚੇਗੀ। ਗੁਮਟਾਲਾ ਨੇ ਕਿਹਾ ਕਿ ਸਰਦੀਆਂ ਵਿਚ ਸਮੇਂ ਦੀ ਤਬਦੀਲੀ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲਾਭ ਪਹੁੰਚੇਗਾ। ਫਲਾਈ ਅੰਮ੍ਰਿਤਸਰ ਮੁਹਿੰਮ ਦੀ ਇਸ ਫਲਾਇਟ ਨੂੰ ਸ਼ੁਰੂ ਕਰਵਾਉਣ ਵਿਚ ਬਹੁਤ ਵੱਡੀ ਭੂਮਿਕਾ ਸੀ ਅਤੇ ਸ਼ੁਰੂਆਤ ਤੋਂ ਹੀ ਸਾਡੀ ਟੀਮ ਨੂੰ ਸੋਸ਼ਲ ਮੀਡੀਆ ‘ਤੇ ਆਕਲੈਂਡ, ਪਰਥ ਅਤੇ ਹੋਰਨਾਂ ਥਾਵਾਂ ਲਈ ਕੁਲ ਸਮਾਂ ਘਟਾਉਣ ਲਈ ਬੇਨਤੀਆਂ ਆ ਰਹੀਆਂ ਸਨ। ਇਹ ਨਵਾਂ ਸਮਾਂ ਹੁਣ ਉਨ੍ਹਾਂ ਦੀ ਮੰਗ ਨੂੰ ਪੂਰਾ ਕਰੇਗਾ ਅਤੇ ਹੁਣ ਦਿੱਲੀ ਰਾਹੀ ਲੰਮਾਂ ਸਫ਼ਰ ਕਰਨ ਦੀ ਬਜਾਏ ਪੰਜਾਬ ਤੋਂ ਇਸ ਰਸਤੇ ‘ਤੇ ਅਸਾਨੀ ਨਾਲ ਯਾਤਰਾ ਕੀਤੀ ਜਾ ਸਕਦੀ ਹੈ। ਜੇਕਰ ਸਵਾਰੀਆਂ ਵਲੋਂ ਚੰਗਾ ਹੁੰਗਾਰਾ ਮਿਲਦਾ ਹੈ, ਤਾਂ ਇਸ ਸਮੇਂ ਨੂੰ ਹੀ ਅਗਾਂਹ ਰੱਖਿਆ ਜਾ ਸਕਦਾ ਹੈ।

You must be logged in to post a comment Login