ਉਮੀਦਾਂ ਨੂੰ ਆਖਿਰਕਾਰ ਬੂਰ ਪੈ ਗਿਆ- ਨਵਜੋਤ ਸਿੱਧੂ

ਉਮੀਦਾਂ ਨੂੰ ਆਖਿਰਕਾਰ ਬੂਰ ਪੈ ਗਿਆ- ਨਵਜੋਤ ਸਿੱਧੂ

ਜਲੰਧਰ— ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਉਮੀਦਾਂ ਨੂੰ ਆਖਿਰਕਾਰ ਅੱਜ ਬੂਰ ਪੈ ਹੀ ਗਿਆ। ਕੇਂਦਰ ਸਰਕਾਰ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਸੀ ਕਿ ਕਰਤਾਰਪੁਰ ਲਾਂਘਾ ਖੁੱਲ੍ਹੇ। ਇਸ ਸਬੰਧੀ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਬੇਨਤੀ ਕੀਤੀ ਸੀ ਤਾਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚ ਸਕਣ।
ਸਿੱਧੂ ਨੇ ਆਪਣੇ ਇਕ ਹੋਰ ਟਵੀਟ ‘ਚ ਭਾਰਤ ਸਰਕਾਰ ਦਾ ਇਹ ਕਦਮ 12 ਕਰੋੜ ‘ਨਾਨਕ ਨਾਮ ਲੇਵਾ’ ਸਿੱਖ ਸੰਗਤ ਲਈ ਸ਼ਰਬਤ ਦੇ ਪਿਆਲੇ ਵਾਂਗ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਡਰਾਫਟ ਵੀ ਤਿਆਰ ਕੀਤਾ ਜਾਵੇਗਾ। ਮੈਂ ਕੈਬਨਿਟ ਮੰਤਰਾਲੇ ਵੱਲੋਂ ਚੁੱਕੇ ਗਏ ਇਸ ਕਦਮ ਦਾ ਸੁਆਗਤ ਕਰਦਾ ਹਾਂ ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਦੋਹਾਂ ਦੇਸ਼ਾਂ ਦੀ ਕੜਵਾਹਟ ਘੱਟ ਹੋਵੇਗੀ।

You must be logged in to post a comment Login