ਚੰਡੀਗੜ੍ਹ : ਆਉਂਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰਨ ਦੇ ਮਨਸ਼ੇ ਨਾਲ ਸੱਤਾਧਾਰੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਸਾਰੇ 78 ਵਿਧਾਇਕਾਂ ਨਾਲ ਪਿੰਡਾਂ ਦੇ ਲਈ ਵਿਕਾਸ ਗ੍ਰਾਂਟਾਂ ਵੰਡਣ ਬਾਰੇ ਵਿਚਾਰ ਚਰਚਾ ਅੱਜ ਪੂਰੀ ਕਰ ਲਈ। ਪਿਛਲੇ ਬੁਧਵਾਰ ਤੋਂ ਪੰਜਾਬ ਭਵਨ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਕੇ ਅੱਜ ਸ਼ਾਮ ਮਾਲਵਾ ਦੇ ਬਠਿੰਡਾ, ਸੰਗਰੂਰ, ਮਾਨਸਾ, ਮੁਕਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਮੋਗਾ ਜ਼ਿਲ੍ਹਿਆਂ ਦੇ ਵਿਧਾਇਕਾਂ ਨਾਲ ਕੀਤੀ ਚਰਚਾ ਨਾਲ ਸਮਾਪਤ ਹੋ ਗਿਆ। ਪਹਿਲੇ ਦਿਨ ਸਲਾਹ ਮਸ਼ਵਰੇ ਦੌਰਾਨ ਹਰ ਵਿਧਾਇਕ ਨੂੰ 5 ਕਰੋੜ ਤਕ ਸਾਲਾਨਾ ਵਿਕਾਸ ਫ਼ੰਡ ਤੈਅ ਕਰਨ ਦਾ ਮੁੱਦਾ ਕਾਫ਼ੀ ਗੰਭੀਰਤਾ ਨਾਲ ਲਿਆ ਗਿਆ ਕਿਉਂਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਿਸਾਬ ਕਿਤਾਬ ਲਾ ਕੇ ਇਹ ਅੰਦਾਜ਼ਾ ਦਿਤਾ ਕਿ 78 ਕਾਂਗਰਸੀ ਵਿਧਾਇਕਾਂ ਲਈ ਪ੍ਰਤੀ ਵਿਧਾਇਕ 5 ਕਰੋੜ ਦੀ ਕੁਲ ਰਕਮ 400 ਕਰੋੜ ਕਿਥੋਂ ਪੈਦਾ ਕੀਤੀ ਜਾਵੇਗੀ। ਇਹ ਵੀ ਚਰਚਾ ਹੋਈ ਕਿ ਕੁਲ 13 ਲੋਕ ਸਭਾ ਸੀਟਾਂ ਹੇਠ ਆਉਂਦੇ ਪ੍ਰਤੀ ਸੀਟ 9 ਅਸੈਂਬਲੀ ਹਲਕਿਆਂ ਵਿਚੋਂ ਜੇ ਵਿਰੋਧੀ ਪਾਰਟੀਆਂ ਦੇ ਔਸਤਨ 3 ਹਲਕੇ ਵੀ ਪੈਂਦੇ ਹਨ ਤਾਂ ਉਨ੍ਹਾਂ ਵਿਚ ਵੀ ਵਿਧਾਇਕੀ ਵਿਕਾਸ ਫ਼ੰਡ ਜ਼ਰੂਰ ਦੇਣੇ ਪੈਣਗੇ। ਅੱਜ ਦੀਆਂ ਬੈਠਕਾਂ ਵਿਚ ਇਹ ਵੀ ਵਿਚਾਰ ਕੀਤਾ ਗਿਆ ਕਿ ਐਮ.ਪੀ. ਲੈਂਡ ਫ਼ੰਡ ਦੀ ਤਰਜ਼ ‘ਤੇ ਜੇ ਫ਼ੰਡ ਡਿਪਟੀ ਕਮਿਸ਼ਨਰਾਂ ਰਾਹੀਂ ਭੇਜਿਆ ਗਿਆ ਤਾਂ ਵਿਧਾਇਕਾਂ ਦੀ ਵੁੱਕਤ ਨੂੰ ਕਿਵੇਂ ਕਾਇਮ ਰਖਿਆ ਜਾ ਸਕੇਗਾ। ਮੌਜੂਦਾ ਹਾਲਾਤ ਵਿਚ ਦੋਆਬਾ ਇਲਾਕੇ ਦੇ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਕਾਂਗਰਸ ਦੇ 16 ਵਿਧਾਇਕ ਹਨ, ਮਾਝਾ ਦੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜ਼ਿਲ੍ਹਿਆਂ ਤੋਂ 22 ਵਿਧਾਇਕ ਸੱਤਾਧਾਰੀ ਕਾਂਗਰਸ ਦੇ ਹਨ ਜਦੋਂ ਕਿ ਮਾਲਵਾ ਦੇ ਵੱਡੇ ਏਰੀਆ ਨੂੰ 2 ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਮਾਲਵਾ ਇਕ ਵਿਚ ਪਟਿਆਲਾ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਮੋਹਾਲੀ ਰੋਪੜ ਤੇ ਬਰਨਾਲਾ ਪੈਂਦੇ ਹਨ ਅਤੇ ਬਾਕੀ ਜ਼ਿਲ੍ਹੇ ਸੰਗਰੂਰ, ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਮੋਗਾ ਪੈਂਦੇ ਹਨ। ਇਸ ਪੂਰੇ ਮਾਲਵੇ ਵਿਚੋਂ ਕਾਂਗਰਸ ਨੂੰ 40 ਹਲਕਿਆਂ ‘ਤੇ ਜਿੱਤ ਹੋਈ ਸੀ। ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕਾਂਗਰਸ ਸਰਕਾਰ ਦੇ ਮੰਤਰੀਆਂ ਨੇ ਪਿਛਲੇ 2 ਸਾਲ ਤੋਂ ਇਹੀ ਰੌਲਾ ਪਾਇਆ ਹੋਇਆ ਹੈ ਕਿ ਖ਼ਜ਼ਾਨਾ ਖ਼ਾਲੀ ਹੈ, ਅਕਾਲੀ ਬੀਜੇਪੀ ਵਾਲੇ ਲੁੱਟ ਮਚਾ ਗਏ ਅਤੇ ਪੰਜਾਬ ਸਿਰ ਕੁਲ ਕਰਜ਼ਾ ਆਉਂਦੀ ਮਾਰਚ ਤਕ 2 ਲੱਖ ਕਰੋੜ ਤੋਂ ਵੀ ਟੱਪ ਜਾਵੇਗਾ।
You must be logged in to post a comment Login