ਚੰਡੀਗੜ੍ਹ : ਪਿਛਲੇ ਦਿਨੀਂ ਸੁਰਖ਼ੀਆਂ ਵਿਚ ਰਹਿਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਪੋਕਸਮੈਨ ਟੀਵੀ ‘ਤੇ ਇੰਟਰਵਿਊ ਵਿਚ ਕਈ ਅਹਿਮ ਗੱਲਾਂ ਦੇ ਖ਼ੁਲਾਸੇ ਕੀਤੇ ਅਤੇ ਇਸ ਦੇ ਨਾਲ ਹੀ ਅਕਾਲੀਆਂ ‘ਤੇ ਕਈ ਤਰ੍ਹਾਂ ਨੇ ਨਿਸ਼ਾਨੇ ਸਾਧੇ। ਜ਼ੀਰਾ ਨੇ ਸੁਖਬੀਰ ਬਾਦਲ ਨੂੰ ਡੋਪ ਟੈਸਟ ਦਾ ਖੁੱਲ੍ਹਾ ਚੈਲੇਜ ਦੇਣ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਨਸ਼ਿਆਂ ਦੇ ਵਿਰੁਧ ਬਹੁਤ ਵੱਡਾ ਕਦਮ ਚੁੱਕਿਆ ਸੀ ਪਰ ਸੁਖਬੀਰ ਬਾਦਲ ਨੇ ਉਲਟਾ ਮੇਰੇ ਉਪਰ ਨਸ਼ਾ ਕਰਨ ਦੇ ਕਈ ਵਾਰ ਦੋਸ਼ ਲਗਾਏ। ਇਸ ਤੋਂ ਬਾਅਦ ਮੀਡੀਆ ਵਲੋਂ ਮੇਰੇ ਉਪਰ ਨਸ਼ੇ ਨੂੰ ਲੈ ਕੇ ਸਵਾਲ ਚੁੱਕੇ ਜਾਣ ਲੱਗੇ। ਇਹ ਸਭ ਵੇਖਦੇ ਹੋਏ ਉਨ੍ਹਾਂ ਸੁਖਬੀਰ ਨੂੰ ਡੋਪ ਟੈਸਟ ਕਰਵਾਉਣ ਦਾ ਖੁੱਲ੍ਹਾ ਚੈਲੇਜ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਵਲੋਂ ‘ਜ਼ੀਰਾ ਕੌਣ’ ਕਹਿਣ ਤੋਂ ਸਪੱਸ਼ਟ ਹੁੰਦਾ ਹੈ ਕਿ ਸੁਖਬੀਰ ਖ਼ੁਦ ਨਸ਼ਾ ਕਰਦਾ ਹੈ। ਜਿਹੜਾ ਬੰਦ ਖ਼ਦ ਨਸ਼ਾ ਕਰਦਾ ਹੋਵੇ ਉਹ ਕਦੀ ਦੂਜਿਆਂ ਨੂੰ ਨਸ਼ੇ ਵੱਲ ਜਾਣ ਤੋਂ ਨਹੀਂ ਰੋਕੇਗਾ ਅਤੇ ਇਹੀ ਕੰਮ ਸੁਖਬੀਰ ਕਰ ਰਿਹਾ ਹੈ। ਸੁਖਬੀਰ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪਿਤਾ ਸਮਾਨ’ ਕਹਿਣ ਦੀ ਗੱਲ ਉਤੇ ਜ਼ੀਰਾ ਨੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਜਿਹੜਾ ਬੰਦਾ ਅਪਣੇ ਪਿਓ ਨੂੰ ਨਹੀਂ ਜਾਣਦਾ ਉਹ ਕੁਲਬੀਰ ਸਿੰਘ ਜ਼ੀਰਾ ਨੂੰ ਵੀ ਭੁੱਲ ਸਕਦਾ ਹੈ। ਡੇਪ ਟੈਸਟ ਕਰਵਾਉਣ ਦਾ ਇਕੋ ਇਕ ਕਾਰਨ ਸੀ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੁਲਬੀਰ ਨਸ਼ੇੜੀ ਹੈ ਜਾਂ ਸੁਖਬੀਰ। ਇਸ ਲਈ ਮੈਂ ਸਰਕਾਰ ਨੂੰ ਡੋਪ ਟੈਸਟ ਕਰਵਾਉਣ ਲਈ ਮੰਗ ਕੀਤੀ ਸੀ ਅਤੇ ਉੱਥੇ 5 ਮੈਂਬਰੀ ਡਾਕਟਰਾਂ ਦੀ ਟੀਮ ਡੋਪ ਟੈਸਟ ਲਈ ਵੀ ਪਹੁੰਚੀ ਸੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸੱਚਾ ਹੈ ਤਾਂ ਆ ਕੇ ਡੋਪ ਟੈਸਟ ਕਰਵਾਏ। ਇਸ ਦੇ ਲਈ ਇਕ ਮਹੀਨੇ ਦਾ ਸਮਾਂ ਵੀ ਦਿਤਾ ਹੈ। ਜੇਕਰ ਸੁਖਬੀਰ ਇਕ ਮਹੀਨੇ ਦੇ ਅੰਦਰ ਡੋਪ ਟੈਸਟ ਨਹੀਂ ਕਰਵਾਏਗਾ ਤਾਂ 1 ਮਾਰਚ ਤੋਂ ਮੈਂ ਖ਼ੁਦ 117 ਹਲਕਿਆਂ ਵਿਚ ਜਾ ਕੇ ਦਸਤਖ਼ਤ ਮੁਹਿੰਮ ਸ਼ੁਰੂ ਕਰਾਂਗਾ। ਇਸ ਤੋਂ ਬਾਅਦ ਇਕ ਵੱਡੀ ਰੈਲੀ ਰੱਖ ਕੇ ਸੁਖਬੀਰ ਸਿੰਘ ਬਾਦਲ ਨੂੰ ਨਸ਼ੇੜੀ ਘੋਸ਼ਿਤ ਕੀਤਾ ਜਾਵੇਗਾ। ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਦੇ ਮੁੱਦੇ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਅਤੇ ਉਨ੍ਹਾਂ ਦੇ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਪਰ ਪੁਲਿਸ ਮੁਲਾਜ਼ਮਾਂ ਵਲੋਂ ਜਿੰਨ੍ਹਾਂ ਚਿਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਨਹੀਂ ਲਿਆ ਜਾਂਦਾ ਉਦੋਂ ਤੱਕ ਪੰਜਾਬ ਵਿਚੋਂ ਨਸ਼ਾ ਖ਼ਤਮ ਨਹੀਂ ਹੋ ਸਕਦਾ। ਪੰਚਾਂ ਅਤੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਜ਼ੀਰਾ ਵਲੋਂ ਨਸ਼ਿਆਂ ਦੇ ਮੁੱਦੇ ਦੇ ਖੁੱਲ੍ਹ ਕੇ ਬੋਲਣ ਨੂੰ ਲੈ ਕੇ ਕੁਲਬੀਰ ਜ਼ੀਰਾ ਨੇ ਦੱਸਿਆ ਕਿ ਮੇਰੇ ਸ਼ਬਦਾਂ ਦਾ ਗ਼ਲਤ ਮਤਲਬ ਕੱਢਿਆ ਗਿਆ ਸੀ ਪਰ ਜਦੋਂ ਮੈਂ ਕੈਪਟਨ ਸਾਹਬ ਅੱਗੇ ਅਪਣਾ ਪੱਖ ਰੱਖਿਆ ਤਾਂ ਉਨ੍ਹਾਂ ਨੇ ਮੈਨੂੰ ਸਮਝਿਆ।

You must be logged in to post a comment Login