ਪਟਿਆਲਾ : ਪੰਜਾਬ ਦੀਆਂ ਜੇਲਾਂ ਦੇ ਸੁਧਾਰ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਇੰਡੀਅਨ ਆਇਲ ਕੰਪਨੀ ਨਾਲ ਕਰਾਰ ਕਰਕੇ ਸੂਬੇ ਦੀਆਂ ਕੈਦੀਆਂ ਵਲੋਂ ਚਲਾਏ ਜਾਣ ਵਾਲੇ ਪੈਟਰੋਲ ਪੰਪ ਲਾਉਣ ਲਈ ਇਕ ਹੋਰ ਕਦਮ ਅੱਗੇ ਵਧਾਇਆ ਹੈ। ਇਹ ਸਮਝੌਤਾ ਅੱਜ ਪੰਜਾਬ ਜੇਲ ਸਿਖਲਾਈ ਸਕੂਲ ਪਟਿਆਲਾ ਵਿਖੇ ਸੂਬੇ ਦੇ ਜੇਲਾਂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ ‘ਚ ਸਹੀਬੰਦ ਕੀਤਾ ਗਿਆ, ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲਾਂ ਸ੍ਰੀ ਰੋਹਿਤ ਚੌਧਰੀ ਵੀ ਮੌਜੂਦ ਸਨ। ਇਸ ਮੌਕੇ ਰੰਧਾਵਾ ਨੇ ਦਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਪੰਜਾਬ ਜੇਲ ਸਿਖਲਾਈ ਸਕੂਲ ਪਟਿਆਲਾ ਦੀ ਇੰਡੀਅਨ ਆਇਲ ਨੂੰ ਲੀਜ਼ ‘ਤੇ ਦਿਤੀ ਜਾਣ ਵਾਲੀ ਜਮੀਨ ‘ਚ ਪੰਜਾਬ ਦਾ ਪਹਿਲਾ ਪਟਰੌਲ ਪੰਪ ਲਾਇਆ ਜਾਵੇਗਾ, ਜਿਸ ਨੂੰ ਜੇਲ ਦੇ ਚੰਗੇ ਆਚਰਣ ਵਾਲੇ ਬੰਦੀ ਹੀ ਚਲਾਉਣਗੇ। ਐਨਾ ਹੀ ਨਹੀਂ ਅਜਿਹੇ ਪੰਪਾਂ ‘ਤੇ ਜੇਲ੍ਹਾਂ ‘ਚ ਬਣੇ ਸਾਜੋ ਸਮਾਨ ਸਮੇਤ ਵੇਰਕਾ ਤੇ ਮਾਰਕਫ਼ੈਡ ਦੀਆਂ ਵਸਤਾਂ ਦੀ ਆਮ ਲੋਕਾਂ ਲਈ ਵਿਕਰੀ ਲਈ ਆਊਟਲੈਟ ਵੀ ਖੋਲ੍ਹੇ ਜਾਣਗੇ, ਜਿਨ੍ਹਾਂ ਤੋਂ ਹੋਣ ਵਾਲੀ ਆਮਦਨ ਜੇਲਾਂ ਦੇ ਬੰਦੀਆਂ ਦੀ ਭਲਾਈ ਲਈ ਵਰਤੀ ਜਾਵੇਗੀ। ਪਟਿਆਲਾ ਦੇ ਇਸ ਪੰਪ ਦੀ ਕਾਮਯਾਬੀ ਮਗਰੋਂ ਸੂਬੇ ਭਰ ‘ਚ ਅਜਿਹੇ ਪੰਪ ਖੋਲ੍ਹੇ ਜਾਣਗੇ। ਜੇਲ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਅਸਲ ਅਰਥਾਂ ‘ਚ ਸੁਧਾਰ ਘਰ ਬਣਾਇਆ ਜਾਵੇਗਾ ਤਾਕਿ ਕਿਸੇ ਕਾਰਨ ਕਰ ਕੇ ਜੇਲਾਂ ‘ਚ ਪੁੱਜਣ ਵਾਲਿਆਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਸੁਧਾਰ ਲਈ ਦਿਤੇ ਜਾਂਦੇ ਫ਼ੰਡਾਂ ਦੀ ਤਰ੍ਹਾਂ ਜੇਲਾਂ ‘ਚ ਸੁਧਾਰ ਲਈ ਵੀ ਫ਼ੰਡ ਮੁਹਈਆ ਕਰਵਾਏ ਜਾਣ।

You must be logged in to post a comment Login