ਚੰਡੀਗੜ੍ਹ : ਸੁਚੇਤ ਨਾਗਰਿਕਾਂ ਲਈ “ਡਾਇਲ ਟੂ ਸਪੋਰਟ ਹੈਲਪਲਾਈਨ” ਇਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਕਰਨ ਵਾਲੇ ਮੈਡੀਕਲ ਸਟੋਰਾਂ ਸਬੰਧੀ ਕਾਲ, ਸੰਦੇਸ਼, ਵਟਸਐਪ ਦੇ ਰੂਪ ‘ਚ ਜਾਣਕਾਰੀ ਦਿਤੀ ਜਾ ਸਕਦੀ ਹੈ। ਇਸ ਉਪਰਾਲੇ ਦੀ ਸ਼ੁਰੂਆਤ ਨਾਲ 8000 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਜ਼ਬਤ ਕੀਤੇ ਗਏ ਹਨ। ਇਹ ਜਾਣਕਾਰੀ ਫ਼ੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ਼੍ਰੀ ਕਾਹਨ ਸਿੰਘ ਪੰਨੂ ਨੇ ਦਿਤੀ। ਇਸ ਸਬੰਧ ਜਾਣਕਾਰੀ ਦਿੰਦਿਆਂ ਸੀ.ਐਫ਼.ਡੀ.ਏ. ਨੇ ਕਿਹਾ ਕਿ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਸਬੰਧੀ ਐਫ਼.ਡੀ.ਏ ਹੈਲਪਲਾਈਨ “ਡਾਇਲ ਟੂ ਸਪੋਰਟ ਹੈਲਪਲਾਈਨ” ਰਾਹੀਂ ਫ਼ਤਿਹਗੜ੍ਹ ਚੂੜੀਆਂ, ਗੁਰਦਾਸਪੁਰ ਦੇ ਮੈਡੀਕਲ ਸਟੋਰ ਸਬੰਧੀ ਸ਼ਿਕਾਇਤ ਮਿਲੀ ਸੀ। ਤੁਰਤ ਹਰਕਤ ਵਿਚ ਆਉਂਦਿਆਂ ਡਰੱਗ ਕੰਟਰੋਲ ਅਫ਼ਸਰ, ਗੁਰਦਾਸਪੁਰ-2 ਵਲੋਂ ਅਪਣੀ ਟੀਮ ਨਾਲ ਮਿਲ ਕੇ ਮੌਕੇ ‘ਤੇ ਕਾਰਵਾਈ ਕੀਤੀ ਗਈ। ਮੈਡੀਕਲ ਸਟੋਰ ਦੀ ਜਾਂਚ-ਪੜਤਾਲ ਤੋਂ ਬਾਅਦ ਟ੍ਰੈਮਾਂਡੋਲ, ਡਾਈਫਿਨੌਕਸੀਲੇਟ ਤੇ ਅਲਪ੍ਰਾਜ਼ੋਲਮ ਆਦਿ ਤੱਤਾਂ ਵਾਲੀਆਂ 8000 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ। ਇਹ ਸਾਰੀਆਂ ਦਵਾਈਆਂ ਜ਼ਬਤ ਕਰ ਲਈਆਂ ਗਈਆਂ ਕਿਉਂ ਜੋ ਦੁਕਾਨਦਾਰ ਇਨ੍ਹਾਂ ਦਵਾਈਆਂ ਸਬੰਧੀ ਕੋਈ ਵੀ ਰਿਕਾਰਡ ਪੇਸ਼ ਕਰਨ ਵਿਚ ਅਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਲੋਕ ਕਾਲੀਆਂ ਭੇਡਾਂ ਬਾਰੇ ਜਾਣਕਾਰੀ ਦੇਣ ਲਈ ਸਾਹਮਣੇ ਆ ਰਹੇ ਹਨ। ਦੱਸਣਯੋਗ ਹੈ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਦਿੰਦਿਆਂ ਕਮਿਸ਼ਨਰੇਟ ਆਫ਼ ਫੂਡ ਤੇ ਡਰੱਗ ਪ੍ਰਬੰਧਨ ਪੰਜਾਬ ਵੱਲੋਂ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਕਰਨ ਵਾਲੇ ਮੈਡੀਕਲ ਸਟੋਰਾਂ ਦੀ ਜਾਣਕਾਰੀ ਦੇਣ ਸਬੰਧੀ ਇੱਕ ਵਿਸ਼ੇਸ਼ ਟੈਲੀਫ਼ੋਨ ਨੰਬਰ 98152 06006 ‘ਡਾਇਲ ਟੂ ਸਪੋਰਟ ਹੈਲਪਲਾਈਨ’ ਅਤੇ ਈਮੇਲ ਆਈ.ਡੀ. punjabdrugscontrolorg0gmail.com ਇਕ ਦਿਨ ਪਹਿਲਾਂ ਹੀ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦੁਕਾਨਦਾਰਾਂ ਸਬੰਧੀ ਜਾਣਕਾਰੀ ਦੇਣ ਵਾਲਿਆਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇਗੀ।
You must be logged in to post a comment Login