ਇਸ ਤੋਂ ਪਹਿਲਾਂ ਕਿ ਨਸ਼ਾ ਸਾਡੀ ਬੇਰੁਜ਼ਗਾਰ ਜਵਾਨੀ ਨੂੰ ਪੂਰੀ ਤਰ੍ਹਾਂ ਨਿਗਲ ਜਾਏ…!

ਇਸ ਤੋਂ ਪਹਿਲਾਂ ਕਿ ਨਸ਼ਾ ਸਾਡੀ ਬੇਰੁਜ਼ਗਾਰ ਜਵਾਨੀ ਨੂੰ ਪੂਰੀ ਤਰ੍ਹਾਂ ਨਿਗਲ ਜਾਏ…!

ਘੂਕ ਸੁੱਤੀਆਂ ਪਈਆਂ ਸਰਕਾਰਾਂ ਪਤਾ ਨਹੀਂ ਕਦੋਂ ਜਾਗਣਗੀਆਂ? ਨਿੱਤ ਦਿਨ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਕਿ ਨਸ਼ੇ ਕਾਰਨ ਨੌਜੁਆਨ ਦੀ ਮੌਤ, ਸੜਕ ਹਾਦਸੇ ਵਿਚ ਦੋ ਜਾਂ ਤਿੰਨ ਜੀਆਂ ਦੀ ਮੌਤ, ਕਿਸਾਨਾਂ ਵਲੋਂ ਹੁੰਦੀਆਂ ਖ਼ੁਦਕੁਸ਼ੀਆਂ, ਸਾਡੇ ਸ੍ਰੀਰ ਵਿਚ ਦਰਦ ਦੀ ਤਰੰਗ ਛੇੜ ਦਿੰਦੀਆਂ ਨੇ। ਕਾਲਜੇ ਵਿਚੋਂ ਉਠਦੀ ਚੀਸ ਪੁਛਦੀ ਹੈ ਕਿ ਇਹ ਕਦੋਂ ਬੰਦ ਹੋਣਗੇ ਕਿ ਜਾਂ ਇੰਜ ਹੀ ਹੁੰਦੇ ਰਹਿਣਗੇ? ਹਰ ਰੋਜ਼ ਬਿਆਨ ਆਉਂਦੇ ਹਨ ਕਿ ਪੰਜਾਬ ਵਿਚੋਂ ਨਸ਼ੇ ਖ਼ਤਮ ਹੋ ਗਏ ਹਨ ਪਰ ਜ਼ਰਾ ਪਿੰਡਾਂ ਵਿਚ ਆ ਕੇ ਤਾਂ ਵੇਖਿਆ ਜਾਵੇ ਕੀ ਹਾਲ ਹੈ? ਹਰ ਰੋਜ਼ ਦੋ ਜਾਂ ਤਿੰਨ ਨੌਜੁਆਨ ਖ਼ੁਦਕੁਸ਼ੀਆਂ ਕਰ ਰਹੇ ਹਨ। ਨਸ਼ਾ ਕਿਥੇ ਖ਼ਤਮ ਹੋਇਆ ਹੈ, ਇਹ ਤਾਂ ਦਸਿਆ ਜਾਵੇ? ਘਰਾਂ ਦੇ ਦੀਵੇ ਬੁੱਝ ਰਹੇ ਹਨ, ਵਸਦੇ ਘਰ ਉਜੜ ਰਹੇ ਹਨ। ਕੁੱਝ ਦਿਨ ਹੋਏ ਮੈਨੂੰ ਪਤਾ ਲੱਗਾ ਕਿ ਕਿਸੇ ਦੇ ਦੋ ਪੁਤਰਾਂ ‘ਚੋਂ ਇਕ ਨਸ਼ੇ ਕਾਰਨ ਮਰ ਗਿਆ, ਦੂਜਾ ਮਰਨ ਕਿਨਾਰੇ ਹੈ, ਬੁੱਢੀ ਮਾਂ ਕਿਸੇ ਬਿਮਾਰੀ ਕਾਰਨ ਮੰਜੇ ਉਤੇ ਪਈ ਹੈ ਤੇ ਬਾਪ ਬਜ਼ੁਰਗ ਹੈ। ਜ਼ਰਾ ਸੋਚੋ ਉਨ੍ਹਾਂ ਦਾ ਕੀ ਹਾਲ ਹੋਵੇਗਾ? ਇਕ ਹੋਰ ਬਜ਼ੁਰਗ ਮਾਂ-ਬਾਪ ਜਿਨ੍ਹਾਂ ਦਾ ਇਕ ਪੁੱਤਰ ਸੀ, ਉਹ ਨਸ਼ੇ ਕਰ ਕੇ ਮਰ ਗਿਆ। ਉਹ ਇਕੱਲੇ ਘਰ ਵਿਚ ਰਹਿੰਦੇ ਹਨ। ਕੀ ਉਨ੍ਹਾਂ ਦਾ ਦੁੱਖ ਇਹ ਬਿਆਨ ਦੇਣ ਵਾਲੇ ਦੂਰ ਕਰ ਸਕਦੇ ਹਨ? ਇਨ੍ਹਾਂ ਕੋਲ ਤਾਂ ਕਿਸੇ ਦਾ ਹਾਲ ਪੁੱਛਣ ਦਾ ਵੀ ਸਮਾਂ ਨਹੀਂ। ਕਈ ਹੀਰਿਆਂ ਵਰਗੇ ਨੌਜੁਆਨ ਟੀਕੇ ਲਗਾ ਕੇ ਨਸ਼ੇ ਦੀ ਭੇਟ ਚੜ੍ਹੀ ਜਾ ਰਹੇ ਹਨ। ਬਹੁਤ ਸਾਰੇ ਨੌਜੁਆਨ ਨਸ਼ੇ ਕਾਰਨ ਮਿਰਗੀ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਜਿਨ੍ਹਾਂ ਦੇ ਪੁੱਤਰ ਗੁਆਚ ਰਹੇ ਹਨ ਜਾਂ ਗਵਾਚ ਗਏ ਹਨ, ਉਨ੍ਹਾਂ ਦੇ ਪੁੱਤਰ ਕੋਈ ਵਾਪਸ ਕਰ ਸਕਦਾ ਹੈ? ਕੈਪਟਨ ਸਰਕਾਰ ਤੋਂ ਆਸ ਲਗਾਈ ਬੈਠੇ ਲੋਕ ਵੀ ਨਿਰਾਸ਼ ਹੋ ਗਏ ਹਨ। ਸਰਕਾਰਾਂ ਚਾਹੁਣ ਤਾਂ ਕੀ ਨਹੀਂ ਕਰ ਸਕਦੀਆਂ? ਪੁਲਿਸ ਪ੍ਰਸ਼ਾਸਨ ਰਾਜਸੀ ਦਬਾਅ ਤੋਂ ਮੁਕਤ ਕੀਤਾ ਜਾਵੇ। ਇਕ ਦਿਨ ਨਿਮਰਤ ਕੌਰ ਜੀ ਦੀ ਸੰਪਾਦਕੀ ਪੜ੍ਹੀ ਜਿਸ ਵਿਚ ਲਿਖਿਆ ਸੀ ਕਿ ਜੇਕਰ ਕੋਈ ਇਕ ਅਫ਼ਸਰ ਹੀ ਅਜਿਹਾ ਉਠ ਪਵੇ ਜਿਹੜਾ ਉਠ ਕੇ ਪੰਜਾਬ ਵਿਚੋਂ ਨਸ਼ਾ ਮਾਫ਼ੀਆ ਕੱਢ ਦੇਵੇ। ਅਜਿਹੇ ਅਫ਼ਸਰ ਤਾਂ ਪੰਜਾਬ ਪੁਲਿਸ ਵਿਚ ਹਨ ਪਰ ਉਨ੍ਹਾਂ ਨੂੰ ਖੁੱਲ੍ਹ ਕੌਣ ਦੇਵੇਗਾ? ਇਥੇ ਪੰਜਾਬ ਪੁਲਿਸ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀ ਖੁੱਲ੍ਹ ਤਾਂ ਬਹੁਤ ਦਿਤੀ ਗਈ ਸੀ, ਕਾਸ਼ ਨਸ਼ੇ ਨੂੰ ਦੂਰ ਕਰਨ ਲਈ ਵੀ ਕੁੱਝ ਕੀਤਾ ਜਾਵੇ। ਦੂਜਾ ਬੇਰੁਜ਼ਗਾਰੀ ਦੂਰ ਕਰਨ ਲਈ ਕੁੱਝ ਕਰਨਾ ਚਾਹੀਦਾ ਹੈ। ਜਦ ਰੁਜ਼ਗਾਰ ਹੋਵੇਗਾ ਤਾਂ ਨਸ਼ਾ ਅਪਣੇ ਆਪ ਹੀ ਘੱਟ ਜਾਵੇਗਾ। ਵੇਚਣ ਵਾਲਿਆਂ ਨੂੰ ਨੱਥ ਪਾਉਣੀ ਸਰਕਾਰ ਦਾ ਕੰਮ ਹੈ। ਪੰਜਾਬ ਸਰਕਾਰ ਦੇ ਮੰਤਰੀ, ਜ਼ਿੰਮੇਵਾਰ ਅਫ਼ਸਰ ਮੋਟੀਆਂ-ਮੋਟੀਆਂ ਤਨਖ਼ਾਹਾਂ ਲੈ ਕੇ ਅਪਣੀਆਂ ਜਾਇਦਾਦਾਂ ਤਾਂ ਵਧਾ ਰਹੇ ਹਨ ਪਰ ਕੀ ਕਿਸੇ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਵਾਂਗ ਕੁਰਸੀ ਤੋਂ ਹੇਠ ਆ ਕੇ ਜਨਤਾ ਵਿਚ ਵਿਚਰ ਕੇ ਵੇਖਣ ਦੀ ਜ਼ਰੂਰਤ ਨਹੀਂ? ਨਸ਼ੇ ਕਾਰਨ ਚੋਰੀਆਂ ਦੀਆਂ ਵਾਰਦਾਤਾਂ ਵਿਚ ਨਿੱਤ ਦਿਨ ਵਾਧਾ ਹੋ ਰਿਹਾ ਹੈ। ਹਰ ਇਨਸਾਨ (ਖ਼ੌਫ਼ਜ਼ਦਾ) ਰਖਿਆ ਹੋਇਆ ਹੈ। ਕੀ ਸਾਡੀਆਂ ਸਰਕਾਰਾਂ ਸਾਡੀ ਸੁਰੱਖਿਆ ਦਾ ਜ਼ਿੰਮਾ ਲੈਂਦੀਆਂ ਹਨ? ਲੋਕ ਬਾਹਰਲੇ ਮੁਲਕਾਂ ਵਲ ਭੱਜ ਰਹੇ ਹਨ। ਕਦੇ ਕਿਸੇ ਨੇ ਸੋਚਿਆ ਹੈ ਕਿ ਪੰਜਾਬ ਦਾ ਕੀ ਬਣੇਗਾ?

– ਸਤਿੰਦਰ ਪਾਲ ਕੌਰ

You must be logged in to post a comment Login