ਸਰਕਾਰ ਦਾ ਦਾਅਵਾ : ਸੂਬੇ ਵਿਚ ਹੜ੍ਹਾਂ ਦੀ ਸਥਿਤੀ ਕਾਬੂ ‘ਚ

ਚੰਡੀਗੜ੍ਹ : ਸੂਬੇ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਹੁਣ ਤਕ ਸੂਬੇ ਵਿਚ ਹੜ੍ਹਾਂ ਦੀ ਸਥਿਤੀ ਕਾਬੂ ਹੇਠ ਹੈ ਪਰ ਮੀਂਹ ਦੇ ਮੁੜ ਸ਼ੁਰੂ ਹੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘੱਟ ਰਿਹਾ ਹੈ। ਇਸ ਦੇ ਹਰੀਕੇ ਹੈੱਡ ਵਿਖੇ ਮੌਜੂਦਾ ਪੱਧਰ 82532 ਕਿਊਸਿਕ ਹੈ ਜੋ ਸ਼ਾਮ ਤੱਕ ਹੋਰ ਘਟਣ ਦੀ ਉਮੀਦ ਹੈ। ਭੋਲੇਵਾਲ ਵਿਖੇ 170 ਫੁੱਟ ਚੌੜੇ ਅਤੇ 45 ਫੁੱਟ ਡੂੰਘੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਮੱਤੇਵਾੜਾ ਖੇਤਰ ਵਿਚ ਵੀ ਛੋਟੇ ਪਾੜ ਦੀ ਸ਼ਨਾਖ਼ਤ ਕੀਤੀ ਗਈ ਸੀ ਜਿਸਨੂੰ ਸਮੇਂ ਸਿਰ ਪੂਰ ਦਿੱਤਾ ਗਿਆ। ਇਸ ਦੇ ਨਾਲ ਹੀ ਮਾਓ ਸਾਹਿਬ ਵਿਖੇ ਪਏ ਪਾੜ ਨੂੰ ਵੀ ਪੂਰ ਦਿੱਤਾ ਗਿਆ ਹੈ ਅਤੇ ਮਿਓਂਵਾਲ ਵਿਖੇ 320 ਫੁੱਟ ਵਿੱਚੋਂ 180 ਫੁੱਟ ਪਾੜ ਨੂੰ ਪੂਰਨ ਦਾ ਕੰਮ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜਨੀਆਂ ਚਾਹਲ ਪਿੰਡ ਵਿਖੇ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਫ਼ੌਜ ਵਲੋਂ ਸ਼ੁਰੂ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਰਹਿੰਦੇ ਪਾੜ ਵੀ ਛੇਤੀ ਹੀ ਪੂਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਟੇਂਡੀਵਾਲਾ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਕਪੂਰਥਲਾ ਵਿਚ ਟਿੱਬੀ ਵਿਖੇ ਕਿਨਾਰੇ ਖੁਰਨ ਦੀ ਸਮੱਸਿਆ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਤਰ੍ਹਾਂ ਸਥਿਤੀ ਨਿਯੰਤਰਣ ਹੇਠ ਹੈ। ਆਹਲੀ ਕਲਾਂ ਧੂਸੀ ਬੰਨ੍ਹ ਵਿਖੇ ਤੁਰੰਤ ਮੁਰੰਮਤ ਕਾਰਜਾਂ ਅਤੇ ਰੇਤ ਦੀਆਂ ਬੋਰੀਆਂ ਲਗਾ ਪਾੜ ਪੈਣ ਦੀ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ। ਫ਼ਿਰੋਜ਼ਪੁਰ ਵਿਖੇ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਬਚਾਅ ਟੀਮਾਂ ਨਾਲ ਵੱਧ ਤੋਂ ਵੱਧ 500 ਲੋਕ ਜੁੜੇ ਹੋਏ ਹਨ। ਪ੍ਰਭਾਵਿਤ ਪਿੰਡਾਂ ਵਿਚ ਦਵਾਈਆਂ ਅਤੇ ਫੂਡ ਪੈਕੇਟ ਵੰਡੇ ਜਾ ਰਹੇ ਹਨ। 20 ਰਾਹਤ ਕੇਂਦਰ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਹਰੇਕ ਪਿੰਡ ਵਿੱਚ 16 ਮੈਡੀਕਲ ਟੀਮਾਂ ਅਤੇ ਮੋਬਾਇਲ ਬੋਟ ਯੂਨਿਟਾਂ ਕੰਮ ਕਰ ਰਹੀਆਂ ਹਨ। ਲੁਧਿਆਣਾ ਵਿਖੇ ਵੀ ਸਥਿਤੀ ਨਿਯੰਤਰਣ ਹੇਠ ਹੈ। ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਸਾਰੇ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਪਸ਼ੂ ਪਾਲਣ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ 13 ਗਾਵਾਂ ਅਤੇ ਮੱਝਾਂ ਹੜ੍ਹਾਂ ਕਾਰਨ ਮਾਰੀਆਂ ਜਾ ਚੁੱਕੀਆਂ ਹਨ। ਹੁਣ ਤੱਥ 2000 ਤੋਂ ਜ਼ਿਆਦਾ ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ। ਜਲੰਧਰ ਵਿਖੇ 4 ਐਨ.ਡੀ.ਆਰ.ਐਫ. ਟੀਮਾਂ, ਐਸ.ਡੀ.ਆਰ.ਐਫ. ਦੀਆਂ 3 ਟੀਮਾਂ, 4 ਫ਼ੌਜੀ ਦਲ ਅਤੇ 15 ਕਿਸ਼ਤੀਆਂ ਦੀ ਮਦਦ ਨਾਲ ਬਚਾਅ ਅਤੇ ਰਾਹਤ ਕਾਰਜ ਪੂਰੇ ਜ਼ੋਰਾਂ ‘ਤੇ ਹਨ।

You must be logged in to post a comment Login