ਜੈਪੁਰ : ਜਿਹੜੇ ਲੋਕ ਗੱਡੀਆਂ ਦੀਆਂ ਨੰਬਰ ਪਲੇਟਾਂ, ਸ਼ੀਸ਼ਿਆਂ ਅਤੇ ਬਾਡੀ ‘ਤੇ ਆਪਣਾ ਧਰਮ, ਜਾਤ ਜਾਂ ਫਿਰ ਸਬੰਧਤ ਸਿਆਸੀ ਪਾਰਟੀ ਦਾ ਵੇਰਵਾ ਲਿਖਵਾਉਣ ‘ਚ ਮਾਣ ਮਹਿਸੂਸ ਕਰਦੇ ਹਨ, ਉਹ ਸਾਵਧਾਨ ਹੋ ਜਾਣ। ਹੁਣ ਜਾਟ, ਗੁੱਜਰ, ਮੀਣਾ, ਪੁਲਿਸ, ਪੱਤਰਕਾਰ, ਐਡਵੋਕੇਟ, ਭਾਜਪਾਈ ਅਤੇ ਕਾਂਗਰਸੀ ਜਿਹੇ ਢੇਰ ਸਾਰੇ ਸ਼ਬਦ ਗੱਡੀ ਉਤੇ ਲਿਖਵਾਉਣ ‘ਤੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।ਦਰਅਸਲ ਰਾਜਸਥਾਨ ‘ਚ ਆਵਾਜਾਈ ਵਿਭਾਗ ਨੇ ਧਰਮ ਅਤੇ ਪੇਸ਼ੇ ਨੂੰ ਆਪਣੀ ਗੱਡੀ ‘ਤੇ ਲਿਖਵਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਤਹਿਤ ਜ਼ੁਰਮਾਨਾ ਲਗਾਉਣ ਦਾ ਫ਼ੈਸਲਾ ਲਿਆ ਹੈ। 3 ਸਤੰਬਰ ਨੂੰ ਟ੍ਰੈਫ਼ਿਕ ਐਸਪੀ ਵੱਲੋਂ ਜਾਰੀ ਕੀਤੇ ਆਦੇਸ਼ ਮੁਤਾਬਕ ਜੇ ਵਾਹਨ ਚਾਲਕਾਂ ਨੇ ਇਸ ਸਬੰਧ ‘ਚ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚਿੱਠੀ ‘ਚ ਇਹ ਵੀ ਕਿਹਾ ਗਿਆ ਹੈ ਕਿ ਗੱਡੀਆਂ ‘ਤੇ ਲਿਖੇ ਸਲੋਗਨ ਜਾਂ ਅਜਿਹੇ ਸਟਿੱਕਰ (ਖਾਸ ਕਰ ਕੇ ਵਿੰਡ ਸਕ੍ਰੀਨ ‘ਤੇ) ਬਹੁਤ ਖ਼ਤਰਨਾਕ ਸਾਬਤ ਹੋ ਸਕਦੇ ਹਨ, ਕਿਉਂਕਿ ਇਹ ਡਰਾਈਵਿੰਗ ਦੌਰਾਨ ਹੋਰ ਰਾਹਗੀਰਾਂ ਦਾ ਧਿਆਨ ਸੜਕ, ਰਸਤੇ ਅਤੇ ਹੋਰ ਚੀਜਾਂ ਤੋਂ ਭਟਕਾਉਂਦੇ ਹਨ, ਜਿਸ ਕਾਰਨ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।ਸੀਨੀਅਰ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੰਬਰ ਪਲੇਟਾਂ ‘ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖਣੀਆਂ ਹਮੇਸ਼ਾ ਤੋਂ ਗ਼ੈਰ-ਕਾਨੂੰਨੀ ਰਹੀਆਂ ਹਨ ਅਤੇ ਅਜਿਹਾ ਕਰਨ ‘ਤੇ 5000 ਰੁਪਏ ਦਾ ਜ਼ੁਰਮਾਨਾ ਹੈ। ਹਾਲਾਂਕਿ ਸੂਬੇ ‘ਚ ਗੱਡੀਆਂ ਦੀ ਬਾਡੀ ਅਤੇ ਵਿੰਡ ਸਕ੍ਰੀਨ ‘ਤੇ ਅਜਿਹੇ ਸ਼ਬਦਾਂ ਨੂੰ ਲਿਖਣ ‘ਤੇ ਕਿੰਨਾ ਜੁਰਮਾਨਾ ਲੱਗੇਗਾ, ਫਿਲਹਾਲ ਇਸ ਬਾਰੇ ਸਪਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਮੋਟਰ ਵਹੀਕਲ ਐਕਟ 1988 ਦੇ ਸੈਕਸ਼ਨ 177 ਮੁਤਾਬਕ ਜੇ ਅਪਰਾਧ ‘ਤੇ ਕਿਸੇ ਤਰ੍ਹਾਂ ਦਾ ਜੁਰਮਾਨਾ ਨਾ ਹੋਵੇ ਤਾਂ ਪਹਿਲੀ ਵਾਰ ਗ਼ਲਤੀ ਕਰਨ ‘ਤੇ 100 ਰੁਪਏ ਵੱਧ ਤੋਂ ਵੱਧ ਜੁਰਮਾਨਾ ਲਿਆ ਜਾਵੇਗਾ, ਜਦਕਿ ਵਾਰ-ਵਾਰ ਉਸ ਨੂੰ ਦੁਹਰਾਉਣ ‘ਤੇ ਇਹ ਰਕਮ 300 ਰੁਪਏ ਤਕ ਵੀ ਜਾ ਸਕਦੀ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login