ਪਾਕਿ ਨੇ ਰਾਸ਼ਟਰਪਤੀ ਕੋਵਿੰਦ ਦੇ ਜਹਾਜ਼ ਨੂੰ ਲਾਂਘਾ ਦੇਣ ਤੋਂ ਕੀਤੀ ਨਾਂਹ

ਪਾਕਿ ਨੇ ਰਾਸ਼ਟਰਪਤੀ ਕੋਵਿੰਦ ਦੇ ਜਹਾਜ਼ ਨੂੰ ਲਾਂਘਾ ਦੇਣ ਤੋਂ ਕੀਤੀ ਨਾਂਹ

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਨਿਚਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਆਈਸਲੈਂਡ ਯਾਤਰਾ ਲਈ ਉਨ੍ਹਾਂ ਦੇ ਹਵਾਈ ਖੇਤਰ ਤੋਂ ਜਹਾਜ਼ ਨੂੰ ਲੰਘਣ ਦੇਣ ਬਾਬਤ ਭਾਤਰ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿਤਾ ਗਿਆ ਹੈ। ਰਾਸ਼ਟਰਪਤੀ ਕੋਵਿੰਦ ਦੀ ਸੋਮਵਾਰ ਤੋਂ ਆਇਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਦੀ ਯਾਤਰਾ ਸ਼ੁਰੂ ਹੋਵੇਗੀ। ਇਸ ਦੌਰਾਨ ਉਹ ਭਾਰਤ ਦੀਆਂ ‘ਰਾਸ਼ਟਰੀ ਚਿੰਤਾਵਾਂ’ ਖ਼ਾਸ ਤੌਰ ‘ਤੇ ਇਸ ਸਾਲ ਪੁਲਵਾਮਾ ‘ਚ ਹੋਏ ਹਮਲੇ ਸਮੇਤ ਅਤਿਵਾਦੀ ਘਟਨਾਵਾਂ ਤੋਂ ਇਨ੍ਹਾਂ ਦੇਸ਼ਾਂ ਦੇ ਸਿਖਰਲੇ ਹਾਈਕਮਾਨ ਨੂੰ ਜਾਣੂ ਕਰਵਾ ਸਕਦੇ ਹਨ।ਕੂਰੈਸ਼ੀ ਨੇ ਸਰਕਾਰੀ ਟੀ.ਵੀ. ਚੈਨਲ ਪੀ.ਟੀ.ਵੀ. ਨੂੰ ਦਸਿਆ ਕਿ ਕਸ਼ਮੀਰ ‘ਚ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਫ਼ੈਸਲਾ ਕੀਤਾ ਹੈ। ਭਾਰਤ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਤੋਂ ਇਮਰਾਨ ਖ਼ਾਨ ਸਰਕਾਰ ਭਾਰਤ ‘ਤੇ ਪਾਬੰਦੀਆਂ ਲਾਉਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਅਤੇ ਕੁੱਝ ਮੰਤਰੀਆਂ ਦੇ ਦਬਾਅ ਹੇਠ ਹੈ। ਅਜੇ ਤਕ ਪਾਕਿਸਤਾਨ ਨੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਕਰਨ ਦਾ ਫ਼ੈਸਲਾ ਨਹੀਂ ਕੀਤਾ ਪਰ ਰਾਸ਼ਟਰਪਤੀ ਕੋਵਿੰਦ ਦੇ ਜਹਾਜ਼ ਨੂੰ ਮਨਜ਼ੂਰੀ ਨਾ ਦੇ ਕੇ ਉਸ ਨੇ ਅਪਣੀ ਇੱਛਾ ਜ਼ਾਹਰ ਕਰ ਦਿਤੀ ਹੈ।ਕੁਰੈਸ਼ੀ ਨੇ ਕਿਹਾ ਕਿ ਨਵੀਂ ਦਿੱਲੀ ਦਾ ਕਸ਼ਮੀਰ ਬਾਰੇ ਰੁਖ ਗੰਭੀਰ ਮਾਮਲਾ ਹੈ ਅਤੇ ਉਹ ਇਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ‘ਚ ਲੈ ਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜ ਅਗੱਸਤ ਨੂੰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਪ੍ਰਸ਼ਾਸਨ ਵਲੋਂ ਲਾਈਆਂ ਪਾਬੰਦੀਆਂ 34 ਦਿਨ ਬੀਤਣ ਤੋਂ ਬਾਅਦ ਵੀ ਜਾਰੀ ਹਨ। ਕਸ਼ਮੀਰ ‘ਚ ਪੁਲਵਾਮਾ ਅਤਿਵਾਦੀ ਹਮਲੇ ‘ਚ ਸੀ.ਆਰ.ਪੀ.ਐਫ਼. ਦੇ 40 ਜਵਾਨਾਂ ਦੇ ਸ਼ਹੀਦ ਹੋਣ ‘ਤੇ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਬਾਲਾਕੋਟ ‘ਚ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਕੈਂਪਾਂ ਨੂੰ ਨਸ਼ਟ ਕੀਤਾ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ 26 ਫ਼ਰਵਰੀ ਨੂੰ ਅਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਸੀ।

You must be logged in to post a comment Login