ਮਦਰਾਸ ਹਾਈ ਕੋਰਟ ਦੀ ਚੀਫ਼ ਜਸਟਿਸ ਵਿਜਯਾ ਕੇ. ਤਾਹਿਲਰਮਾਨੀ ਵੱਲੋਂ ਅਸਤੀਫ਼ਾ

ਮਦਰਾਸ ਹਾਈ ਕੋਰਟ ਦੀ ਚੀਫ਼ ਜਸਟਿਸ ਵਿਜਯਾ ਕੇ. ਤਾਹਿਲਰਮਾਨੀ ਵੱਲੋਂ ਅਸਤੀਫ਼ਾ

ਨਵੀਂ ਦਿੱਲੀ : ਮਦਰਾਸ ਹਾਈ ਕੋਰਟ ਦੀ ਚੀਫ਼ ਜਸਟਿਸ ਵਿਜਯਾ ਕੇ. ਤਾਹਿਲਰਮਾਨੀ ਦੀ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਉਨ੍ਹਾਂ ਨੂੰ ਮੇਘਾਲਿਆ ਹਾਈ ਕੋਰਟ ਤਬਦੀਲ ਕਰਨ ਦੇ ਹੁਕਮ ’ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ ਠੁਕਰਾਏ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤਾਹਿਲਰਮਾਨੀ ਨੇ ਸ਼ੁੱਕਰਵਾਰ ਰਾਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਇਸ ਦੀ ਕਾਪੀ ਵੀ ਭੇਜੀ ਹੈ। ਜਸਟਿਸ ਗੋਗੋਈ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਤਾਹਿਲਰਮਾਨੀ ਨੂੰ ਮੇਘਾਲਿਆ ਹਾਈ ਕੋਰਟ ਤਬਦੀਲ ਕੀਤੇ ਜਾਣ ਦੀ ਸਿਫ਼ਾਰਿਸ਼ ਕੀਤੀ ਸੀ। ਉਨ੍ਹਾਂ ਨੂੰ ਪਿਛਲੇ ਸਾਲ 8 ਅਗਸਤ ਨੂੰ ਹੀ ਮਦਰਾਸ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ ਸੀ। ਕੌਲਿਜੀਅਮ ਨੇ 28 ਅਗਸਤ ਨੂੰ ਉਨ੍ਹਾਂ ਦਾ ਤਬਾਦਲਾ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਇਸ ਤੋਂ ਬਾਅਦ ਜਸਟਿਸ ਤਾਹਿਲਰਮਾਨੀ ਨੇ ਉਨ੍ਹਾਂ ਦੇ ਤਬਾਦਲੇ ਦੀ ਤਜਵੀਜ਼ ਉੱਤੇ ਮੁੜ ਵਿਚਾਰ ਕਰਨ ਲਈ ਕੌਲਿਜੀਅਮ ਨੂੰ ਇਕ ਅਰਜ਼ੀ ਦਿੱਤੀ ਸੀ। ਉਨ੍ਹਾਂ ਕੌਲਿਜੀਅਮ ਦੇ ਫ਼ੈਸਲੇ ਦਾ ਵਿਰੋਧ ਵੀ ਕੀਤਾ ਸੀ। ਸਿਖ਼ਰਲੀ ਅਦਾਲਤ ਦੇ ਕੌਲਿਜੀਅਮ ਵਿਚ ਜਸਟਿਸ ਐੱਸ.ਏ. ਬੋਬੜੇ, ਜਸਟਿਸ ਐੱਨ.ਵੀ. ਰਮਨ, ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਆਰ.ਐਫ. ਨਰੀਮਨ ਸ਼ਾਮਲ ਸੀ। ਕੌਲਿਜੀਅਮ ਨੇ ਮੇਘਾਲਿਆ ਹਾਈ ਕੋਰਟ ਦੇ ਚੀਫ਼ ਜਸਟਿਸ ਏ.ਕੇ. ਮਿੱਤਲ ਦਾ ਤਬਾਦਲਾ ਮਦਰਾਸ ਹਾਈ ਕੋਰਟ ਵਿਚ ਕਰਨ ਦੀ ਸਿਫ਼ਾਰਿਸ਼ ਵੀ ਕੀਤੀ ਸੀ। ਜਸਟਿਸ ਵਿਜਯਾ ਕੇ. ਤਾਹਿਲਰਮਾਨੀ ਨੂੰ 26 ਜੂਨ 2001 ਨੂੰ ਬੰਬੇ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਬੰਬੇ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਦੇ ਅਹੁਦੇ ਉੱਤੇ ਹੁੰਦਿਆਂ ਜਸਟਿਸ ਤਾਹਿਲਰਮਾਨੀ ਨੇ ਮਈ, 2017 ਵਿਚ ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਮਾਮਲੇ ਵਿਚ ਸਾਰੇ 11 ਜਣਿਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੁਜਰਾਤ ਦੀ ਅਦਾਲਤ ਤੋਂ ਮਹਾਂਰਾਸ਼ਟਰ ਤਬਦੀਲ ਕੀਤਾ ਸੀ। ਜੀਫ ਜਸਟਿਸ ਵਿਜਯਾ ਕੇ. ਤਾਹਿਲਰਮਾਨੀ ਅਕਤੂਬਰ, 2020 ਵਿਚ ਸੇਵਾਮੁਕਤ ਹੋ ਰਹੇ ਹਨ।

You must be logged in to post a comment Login