ਧਾਰਾ-370 ਹਟਾਏ ਜਾਣ ਦੇ ਵਿਰੋਧ ‘ਚ ਔਰਤਾਂ ਵਲੋਂ ਰੋਸ ਪ੍ਰਦਰਸ਼ਨ

ਧਾਰਾ-370 ਹਟਾਏ ਜਾਣ ਦੇ ਵਿਰੋਧ ‘ਚ ਔਰਤਾਂ ਵਲੋਂ ਰੋਸ ਪ੍ਰਦਰਸ਼ਨ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਬੇਟੀ ਸਾਫ਼ਿਆ ਅਤੇ ਭੈਣ ਸੁਰੱਇਆ ਸਮੇਤ 6 ਔਰਤਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਇਹ ਔਰਤਾਂ ਜੰਮੂ-ਕਸ਼ਮੀਰ ‘ਚ ਧਾਰਾ-370 ਹਟਾਏ ਜਾਣ ਵਿਰੁਧ ਪ੍ਰਦਰਸ਼ਨ ਕਰ ਰਹੀਆਂ ਸਨ। ਹੱਥਾਂ ‘ਤੇ ਕਾਲੀ ਪੱਟੀਆਂ ਬੰਨ੍ਹ ਕੇ ਤਖ਼ਤੀਆਂ ਫੜੀ ਪ੍ਰਦਰਸ਼ਨ ਕਰ ਰਹੀਆਂ ਇਨ੍ਹਾਂ ਔਰਤਾਂ ਨੂੰ ਪੁਲਿਸ ਨੇ ਪ੍ਰਦਰਸ਼ਨ ਕਰਨ ਤੋਂ ਰੋਕਿਆ ਅਤੇ ਸ਼ਾਂਤੀਪੂਰਨ ਵਾਪਸ ਚਲੇ ਜਾਣ ਲਈ ਕਿਹਾ। ਪਰ ਔਰਤਾਂ ਨੇ ਇਥੋਂ ਜਾਣ ਤੋਂ ਇਨਕਾਰ ਕਰ ਦਿਤਾ ਅਤੇ ਪ੍ਰਦਰਸ਼ਨ ਜਾਰੀ ਰਖਦਿਆਂ ਧਰਨੇ ‘ਤੇ ਬੈਠ ਗਈਆਂ। ਜਿਸ ਤੋਂ ਬਾਅਦ ਮਹਿਲਾ ਸੀਆਰਪੀਐਫ਼ ਜਵਾਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ। ਇਹ ਸਾਰੀਆਂ ਔਰਤਾਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਖ਼ਤਮ ਕਰਨ ਅਤੇ ਉਸ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਆਂ ‘ਚ ਵੰਡਣ ਦਾ ਵਿਰੋਧ ਕਰ ਰਹੀਆਂ ਸਨ। ਤਖ਼ਤੀਆਂ ਨਾਲ ਇਹ ਔਰਤਾਂ ਲਾਲ ਚੌਕ ਦੇ ਪ੍ਰਤਾਪ ਪਾਰਕ ਵਿਚ ਇਕੱਤਰ ਹੋਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਜ਼ਿਕਰਯੋਗ ਹੈ ਕਿ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਪਿਛਲੇ ਦੋ ਮਹੀਨੇ ਤੋਂ ਹਿਰਾਸਤ ‘ਚ ਹਨ। ਫਾਰੂਕ ਅਬਦੁੱਲਾ ਨੂੰ ਪਬਲਿਕ ਸੇਫ਼ਟੀ ਐਕਟ ਤਹਿਤ ਹਿਰਾਸਤ ‘ਚ ਰੱਖਿਆ ਗਿਆ ਹੈ। ਉਧਰ ਜੰਮੂ-ਕਸ਼ਮੀਰ ‘ਚ ਐਸ.ਐਮ.ਐਸ. ਸੇਵਾ ਬੰਦ ਕਰ ਦਿੱਤੀ ਗਈ ਹੈ। ਸੋਮਵਾਰ ਨੂੰ 72 ਦਿਨ ਬਾਅਦ ਪੋਸਟਪੇਡ ਮੋਬਾਈਲ ਨੈਟਵਰਕ ਸੇਵਾ ਬਹਾਲ ਹੋਈ ਸੀ। ਇਸ ਦੇ ਕੁਝ ਘੰਟੇ ਬਾਅਦ ਹੀ ਐਸ.ਐਮ.ਐਸ. ਸੇਵਾ ਬੰਦ ਕਰ ਦਿੱਤੀ ਗਈ। ਸੋਮਵਾਰ ਤੋਂ ਬਾਅਦ ਘਾਟੀ ਦੇ ਲਗਭਗ 40 ਲੱਖ ਪੋਸਟਪੇਡ ਮੋਬਾਈਲ ਫ਼ੋਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

You must be logged in to post a comment Login