ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਵੇਈਂ ਦੇ ਕੰਢੇ ਸ਼ੁਰੂ ਹੋਏ ਅਪਣੀ ਕਿਸਮ ਦੇ ਨਿਵੇਕਲੇ ਆਵਾਜ਼ ਅਤੇ ਰੌਸ਼ਨੀ ਦੇ ਸੁਮੇਲ ਵਾਲੇ ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦਾ ਵੱਡੀ ਗਿਣਤੀ ਸੰਗਤ ਨੇ ਸ਼ਰਧਾ ਪੂਰਵਕ ਆਨੰਦ ਮਾਣਿਆ।15 ਨਵੰਬਰ ਦੀ ਰਾਤ ਤਕ ਚੱਲਣ ਵਾਲੇ ਇਸ ਅਤਿ ਪ੍ਰਭਾਵਸ਼ਾਲੀ ਤੇ ਅਲੌਕਿਕ ਸ਼ੋਅ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬਾਬਾ ਨਾਨਕ ਦੇ ਇਕ ਨਿਮਾਣੇ ਸੇਵਕ ਵਜੋਂ ਅਪਣੀ ਹਾਜ਼ਰੀ ਲਵਾਈ ਜਦੋਂਕਿ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਗੁਰੂ ਨਾਨਕ ਦੀ ਸਿਫ਼ਤ ਅਤੇ ਸੂਫ਼ੀਆਨਾ ਕਲਾਮ ਪੇਸ਼ ਕਰ ਕੇ ਸੰਗਤ ਨੂੰ ਮੰਤਰ ਮੁਗਧ ਕੀਤਾ।ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਕਰਵਾਏ ਗਏ ਇਸ ਲਾਈਟ ਐਂਡ ਸਾਊਂਡ ਦੇ ਇਸ ਅਲੌਕਿਕ ਸ਼ੋਅ ਦੌਰਾਨ ਡਿਜ਼ੀਟਲ ਤਕਨੀਕਾਂ ਤੇ ਲੇਜ਼ਰ ਸ਼ੋਅ ਜ਼ਰੀਏ ਸੰਗਤਾਂ ਦੇ ਠਾਠਾਂ ਮਾਰਦੇ ਪ੍ਰਭਾਵਸ਼ਾਲੀ ਇਕੱਠ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਗਿਆ। ਰੁਹਾਨੀਅਤ ਦੇ ਰੰਗ ਵਿੱਚ ਰੰਗੇ ਸੁਲਤਾਨਪੁਰ ਲੋਧੀ ਪੁੱਜੀ ਸੰਗਤ ਨੇ ਇਸ ਸ਼ੋਅ ਦੀ ਭਰਵੀਂ ਸ਼ਲਾਘਾ ਕਰਦਿਆਂ ਧੰਨ ਗੁਰੂ ਨਾਨਕ ਦਾ ਜਾਪ ਕੀਤਾ।ਇਸ ਮੌਕੇ ਅਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਨੇ ਕਿਹਾ ਕਿ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾ ਰਹੇ ਹਾਂ ਜਿਸ ਲਈ ਸਾਨੂੰ ਇਸ ਪਾਵਨ ਮੌਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਨਫ਼ਰਤ ਦੀ ਅੱਗ ਨਾਲ ਸੜਦੇ-ਬਲਦੇ ਜਗਤ ਜਲੰਦੇ ਨੂੰ ਠਾਰਨ ਲਈ ਗੁਰੂ ਸਾਹਿਬ ਵਲੋਂ ਦਿਤੇ ਉਪਦੇਸ਼ਾਂ ਮੁਤਾਬਕ ਜੀਵਨ ਜਾਚ ਸਿੱਖਾਂਗੇ। ਆਸ਼ੂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਉਪਦੇਸ਼ ਮੁਤਾਬਕ ਵਾਤਾਵਰਣ ਬਚਾਉਣ, ਧੀ-ਭੈਣ ਦਾ ਸਤਿਕਾਰ ਕਾਇਮ ਰੱਖਣ, ਨੀਂਵੇ ਅਤੇ ਦੱਬੇ ਕੁਚਲੇ ਵਰਗ ਦੇ ਨਾਲ ਖੜਨ, ਆਪਸੀ ਵਿਚਾਰ ਵਟਾਂਦਰੇ ਨਾਲ ਭੇਦਭਾਵ ਮਿਟਾਉਣ ਅਤੇ ਸ਼ਬਦ ਗੁਰੂ ਦੇ ਲੜ ਲੱਗਕੇ ਗਿਆਨ ਤੇ ਵਿਗਿਆਨ ਨੂੰ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login