ਨਾਰਾਜ਼ ਵਿਧਾਇਕਾਂ ਦੇ ਸ਼ਿਕਵੇ ਦੂਰ ਕਰਨ ਦੀਆਂ ਕੋਸ਼ਿਸ਼ਾਂ

ਨਾਰਾਜ਼ ਵਿਧਾਇਕਾਂ ਦੇ ਸ਼ਿਕਵੇ ਦੂਰ ਕਰਨ ਦੀਆਂ ਕੋਸ਼ਿਸ਼ਾਂ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਰਾਜ਼ ਵਿਧਾਇਕਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਦਫ਼ਤਰ ਵਲੋਂ ਕੋਸ਼ਿਸ਼ਾਂ ਆਰੰਭ ਦਿਤੀਆਂ ਗਈਆਂ ਹਨ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਰਾਜ਼ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਸਮਾਂ ਮੰਗਿਆ ਹੈ। ਸੰਭਾਵਨਾ ਹੈ ਕਿ ਕਲ 29 ਨਵੰਬਰ ਨੂੰ ਨਰਾਜ਼ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ। ਅਸਲ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਹਫ਼ਤਿਆਂ ਬਾਅਦ ਵਿਦੇਸ਼ ਤੋਂ ਪਰਤੇ ਹਨ। 26 ਨਵੰਬਰ ਨੂੰ ਉਹ ਦਿੱਲੀ ਤੋਂ ਚੰਡੀਗੜ੍ਹ ਆਏ ਅਤੇ ਅਗਲੇ ਦਿਨ ਲੁਧਿਆਣਾ ਅਪਣੇ ਕੇਸ ਦੀ ਪੇਸ਼ੀ ਲਈ ਚਲੇ ਗਏ। ਅੱਜ ਸਾਰਾ ਦਿਨ ਰਾਜ ਦੇ ਉਚ ਅਧਿਕਾਰੀਆਂ ਨਾਲ ਅਹਿਮ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਰਹੇ। ਪਿਛਲੇ 20 ਦਿਨਾਂ ਤੋਂ ਵੱਡੀ ਗਿਣਤੀ ਵਿਚ ਫ਼ਾਈਲਾਂ ਵੀ ਇਕੱਤਰ ਹੋਈਆਂ ਪਈਆਂ ਹਨ। ਸਾਰਾ ਦਿਨ ਮੁੱਖ ਮੰਤਰੀ ਸਕੱਤਰੇਤ ਦੇ ਉਚ ਅਧਿਕਾਰੀ ਇਨ੍ਹਾਂ ਫ਼ਾਈਲਾਂ ਦਾ ਨਿਪਟਾਰਾ ਕਰਵਾਉਣ ਵਿਚ ਲੱਗੇ ਰਹੇ। ਰਾਜ ਦੀ ਵਿੱਤੀ ਹਾਲਤ ਬਾਰੇ ਵੀ ਵਿਚਾਰ ਵਟਾਂਦਰੇ ਹੋਏ। ਖ਼ਾਸ ਕਰ ਕੇ ਕਿਸਾਨਾਂ ਦੇ ਧਰਨਿਆਂ ਅਤੇ ਪੁਲਿਸ ਨਾਲ ਸਬੰਧਤ ਕੁੱਝ ਘਟਨਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਜਿਥੋਂ ਤਕ ਲੋਕ ਸਭਾ ਹਲਕਾ ਪਟਿਆਲਾ ਨਾਲ ਸਬੰਧਤ ਤਿੰਨ ਚਾਰ ਵਿਧਾਇਕਾਂ ਦੀ ਨਰਾਜ਼ਗੀ ਦਾ ਸਬੰਧ ਹੈ।ਇਸ ਸਬੰਧੀ ਸ੍ਰੀਮਤੀ ਪ੍ਰਨੀਤ ਕੌਰ ਨੇ ਉਨ੍ਹਾਂ ਦੀ ਨਰਾਜ਼ਗੀ ਦੂਰ ਕਰਨ ਲਈ ਪਹਿਲਾਂ ਹੀ ਕਾਰਵਾਈ ਆਰੰਭ ਦਿਤੀ ਸੀ। ਕਾਂਗਰਸ ਦੇ ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਕੁੱਝ ਵਿਧਾਇਕਾਂ ਦੀ ਨਰਾਜ਼ਗੀ ਮੁੱਖ ਮੰਤਰੀ ਨਾਲ ਨਹੀਂ ਬਲਕਿ ਉਨ੍ਹਾਂ ਦੇ ਹਲਕਿਆਂ ਵਿਚ ਵਿਕਾਸ ਦੇ ਕੰਮ ਨਾ ਹੋਣ ਕਾਰਨ ਉਹ ਨਰਾਜ਼ ਹਨ। ਪਿਛਲੇ ਦਿਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਾਖੜ ਨਾਲ ਗੱਲ ਹੋਈ ਤਾ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੇ ਸ਼ਿਕਵੇ ਦੂਰ ਕਰਾਉਣ ਲਈ ਅਗਲੇ ਦੋ ਦਿਨਾਂ ਵਿਚ ਮੁੱਖ ਮੰਤਰੀ ਨਾਲ ਇਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ।

You must be logged in to post a comment Login