ਸਿਡਨੀ – ਆਸਟ੍ਰੇਲੀਆ ‘ਚ ਬੀਤੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਸਿਡਨੀ ‘ਚ ਮੀਂਹ ਕਾਰਨ ਇਸ ਵਾਰ 30 ਸਾਲਾਂ ਦਾ ਰਿਕਾਰਡ ਟੁੱਟ ਸਕਦਾ ਹੈ ਅਤੇ ਮਹੀਨਿਆਂ ਤੋਂ ਲੱਗੀ ਅੱਗ ਬੁਝਣ ਜਾ ਰਹੀ ਹੈ। ਉਂਝ ਅਜੇ ਕਈ ਥਾਵਾਂ ‘ਤੇ ਅੱਗ ਲੱਗੀ ਹੋਈ ਹੈ ਪਰ ਫਿਰ ਵੀ ਮੀਂਹ ਕਾਰਨ ਕਾਫੀ ਹੱਦ ਤਕ ਅੱਗ ਨੂੰ ਕੰਟਰੋਲ ਕਰ ਲਿਆ ਗਿਆ ਹੈ। ਨਿਊ ਸਾਊਥ ਵੇਲਜ਼ ਦਾ ਜਿਹੜਾ ਖੇਤਰ ਜੰਗਲੀ ਅੱਗ ਕਾਰਨ ਸੇਕ ਝੱਲ ਰਿਹਾ ਸੀ, ਉੱਥੇ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਤੇ ਇਕ ਕੰਗਾਰੂ ਨੂੰ ਪਾਣੀ ‘ਚ ਤਾਰੀਆਂ ਲਾਉਂਦੇ ਦੇਖਿਆ ਗਿਆ। ਸੋਮਵਾਰ ਨੂੰ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 4 ਦਿਨਾਂ ਤੋਂ 391.6 ਐੱਮ. ਐੱਮ. ਮੀਂਹ ਪਿਆ ਹੈ। ਇਸ ਤੋਂ ਪਹਿਲਾਂ ਫਰਵਰੀ 1990 ‘ਚ 414.2 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ ਸੀ ਅਤੇ ਆਉਣ ਵਾਲੇ ਦਿਨਾਂ ‘ਚ ਇਹ ਰਿਕਾਰਡ ਟੁੱਟਣ ਦਾ ਖਦਸ਼ਾ ਹੈ। ਨਿਊ ਸਾਊਥ ਵੇਲਜ਼ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਹੈ ਤੇ ਇੱਥੇ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਹਾ ਜਾ ਰਿਹਾ ਹੈ ਕਿ ਨਦੀਆਂ ‘ਚ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਖੇਤਰਾਂ ਨੂੰ ਨੁਕਸਾਨ ਹੋ ਸਕਦਾ ਹੈ। ਇੱਥੇ 90,000 ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋਣਾ ਪਿਆ ਹੈ।

You must be logged in to post a comment Login