ਉਲਝੀ ਪੰਜਾਬ ਦੀ ਸਿਆਸਤ

ਉਲਝੀ ਪੰਜਾਬ ਦੀ ਸਿਆਸਤ

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਨਵੀਆਂ ਸਿਆਸੀ ਪਾਰਟੀਆਂ ਦਾ ਗੜ੍ਹ ਬਣਨ ਜਾ ਰਿਹਾ ਹੈ। ਜਿਹੜਾ ਵੀ ਕੋਈ ਲੀਡਰ ਕੱਦਵਾਰ ਹੁੰਦਾ ਹੈ, ਉਹੀ ਨਵੀਂ ਸਿਆਸੀ ਪਾਰਟੀ ਬਣਾ ਕੇ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਬਣ ਬੈਠਦਾ ਹੈ। ਜਿਵੇਂ ਕਿ ਪਿਛਲੇ ਦਿਨੀਂ ਦੀਪ ਸਿੱਧੂ ਨੇ ਨਵੀਂ ਸਿਆਸੀ ਪਾਰਟੀ ‘ਵਾਰਿਸ ਪੰਜਾਬ ਦੇ’ ਦਾ ਗਠਨ ਕਰ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸੇ ਤਰ੍ਹਾਂ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ 2 ਅਕਤੂਬਰ ਗਾਂਧੀ ਜੈਅੰਤੀ ਮੌਕੇ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਉੱਥੇ ਹੀ ਸੂਬੇ ਅੰਦਰ ਪਹਿਲਾਂ ਵੀ ਇਕ ਦਰਜਨ ਤੋਂ ਵੱਧ ਸਿਆਸੀ ਪਾਰਟੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਵਿਧਾਨ ਸਭਾ ਚੋਣਾਂ ’ਚ ਉਤਰਨਾ ਲੋਕਾਂ ਲਈ ਵੀ ਦੁਚਿੱਤੀ ਵਾਲੀ ਸਥਿਤੀ ਪੈਦਾ ਕਰ ਰਿਹਾ ਹੈ। ਭਾਵੇਂ ਕਿ ਪੰਜਾਬ ਦੀਆਂ 4 ਪ੍ਰਮੁੱਖ ਪਾਰਟੀਆਂ ਅਕਾਲੀ ਦਲ ਬਾਦਲ, ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਮੁਖੀ ਨੇ ਆਪੋ-ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ। ਲਿਹਾਜ਼ਾ ਪੰਜਾਬ ਅੰਦਰ ਸਿਆਸਤ ਸਿੱਧੂ ਤੇ ਅਮਰਿੰਦਰ ਵਿਵਾਦ ’ਚ ਬੁਰ੍ਹੀ ਤਰ੍ਹਾਂ ਉਲਝ ਕੇ ਰਹਿ ਗਈ ਹੈ। ਭਾਵੇਂ ਕਿ ਦੋਵੇਂ ਆਗੂ ‘ਸਿੱਧੂ’ ਗੌਤ ਦੇ ਹਨ, ਉਥੇੱ ਹੀ ਇਨ੍ਹਾਂ ਦੇ ਵਿਵਾਦਾਂ ਕਾਰਨ ਪੰਜਾਬ ਦੇ ਬੇਸਿਕ ਮੁੱਦਿਆਂ ’ਤੇ ਕੋਈ ਚਰਚਾ ਨਹੀਂ ਹੋ ਰਹੀ, ਜਿਸ ਕਾਰਨ ਪੰਜਾਬ ’ਚ ਆਮ ਆਦਮੀ ਦੀ ਹਾਲਤ ਦਿਨੋਂ-ਦਿਨ ਨਿੱਘਰਦੀ ਹੀ ਜਾ ਰਹੀ ਹੈ ਪਰ ਇਨ੍ਹਾਂ ਸਿਆਸੀ ਲੀਡਰਾਂ ਨੂੰ ਆਮ ਲੋਕਾਂ ਦੀ ਕੋਈ ਪਰਵਾਹ ਨਹੀਂ।ਤਾਂ ਹੀ ਪੰਜਾਬ ਅੰਦਰ ਸਮੇਂ ਦੀਆਂ ਸਰਕਾਰਾਂ ਤੋਂ ਨੌਜਵਾਨ ਪੀੜ੍ਹੀ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਤੋਂ ਲੈ ਕੇ ਹੁਣ ਤੱਕ ਲੱਖਾਂ ਦੀ ਗਿਣਤੀ ’ਚ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ’ਚ ਕੂਚ ਕਰ ਚੁੱਕੀ ਹੈ, ਕਿਉਂਕਿ ਇੱਥੇ ਰੁਜ਼ਗਾਰ ਦਾ ਸਾਧਨ ਦਿਨੋ-ਦਿਨ ਡਗਮਗਾਉਂਦਾ ਜਾ ਰਿਹਾ ਹੈ, ਜਿਸ ਦੀ ਕਿਸੇ ਵੀ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ। ਸੂਬੇ ਅੰਦਰ ਕਾਂਗਰਸ ਸਰਕਾਰ ਦੀ ਹੋਂਦ ਗਿਣਵੇਂ ਦਿਨਾਂ ਦੀ ਬਾਕੀ ਹਨ ਪਰ ਪਾਰਟੀ ਦਾ ਕਾਟੋ-ਕਲੇਸ਼ ਇਸ ਪੱਧਰ ’ਤੇ ਚੱਲ ਰਿਹਾ ਹੈ ਕਿ ਸੂਬੇ ਦੇ ਲੋਕ ਹੁਣ ਇਨ੍ਹਾਂ ਦੀ ਸਰਕਾਰ ਤੋਂ ਆਸ ਰੱਖਣੋਂ ਹੱਟਦੇ ਜਾ ਰਹੇ ਹਨ।

You must be logged in to post a comment Login