ਜਲੰਧਰ – ਅਸਤੀਫ਼ਾ ਦੇਣ ਤੋਂ ਕੁਝ ਹੀ ਦਿਨ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਸ ਪਿੱਛੋਂ ਇਕ ਚਰਚਾ ਸ਼ੁਰੂ ਹੋ ਗਈ ਸੀ ਕਿ ਕੈਪਟਨ ਭਾਜਪਾ ’ਚ ਜਾ ਸਕਦੇ ਹਨ। ਕੈਪਟਨ ਭਾਜਪਾ ’ਚ ਜਾ ਰਹੇ ਹਨ ਜਾਂ ਨਹੀਂ, ਇਹ ਦੋ ਵੱਖ-ਵੱਖ ਗੱਲਾਂ ਹਨ ਪਰ ਉਨ੍ਹਾਂ ਦੀ ਇਸ ਜਲਦਬਾਜ਼ੀ ਨੇ ਉਨ੍ਹਾਂ ਦੀ ਪਲਾਨਿੰਗ ’ਤੇ ਪਾਣੀ ਫੇਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ’ਚ ਲਗਭਗ ਸਾਢੇ ਚਾਰ ਸਾਲ ਮੁੱਖ ਮੰਤਰੀ ਰਹੇ ਅਤੇ ਹੁਣ ਸੂਬੇ ’ਚ ਨਵੀਂ ਪਾਰਟੀ ਬਣਾ ਕੇ ਭਾਜਾਪ ਦੀ ਹਮਾਇਤ ਨਾਲ ਸੱਤਾ ’ਚ ਆਉਣ ਦੀ ਤਿਆਰੀ ਕਰ ਰਹੇ ਹਨ।
ਇਸ ਦੌਰਾਨ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਨੇ ਕੈਪਟਨ ਦੀ ਯੋਜਨਾ ਨੂੰ ਫਲਾਪ ਕਰ ਦਿੱਤਾ ਹੈ। ਪੂਰੇ ਦੇਸ਼ ਦੀ ਨਜ਼ਰ ਇਸ ਸਮੇਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਖੇਤਰ ’ਤੇ ਹੈ, ਜਿੱਥੇ ਕਿਸਾਨਾਂ ਨਾਲ ਸਬੰਧਤ ਇਕ ਵੱਡਾ ਮੁੱਦਾ ਅੱਜਕਲ ਚਰਚਾ ’ਚ ਹੈ। ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੱਕ ਭਾਜਪਾ ਨੂੰ ਘੇਰਣ ’ਚ ਲੱਗੇ ਹੋਏ ਹਨ। ਅਜਿਹੀ ਹਾਲਤ ਵਿਚ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹੋਏ ਵੀ ਕੁਝ ਨਹੀਂ ਬੋਲ ਰਹੇ ਕਿਉਂਕਿ ਇਕ ਪਾਸੇ ਕਿਸਾਨ ਹਨ ਅਤੇ ਦੂਜੇ ਪਾਸੇ ਭਾਜਪਾ ਹੈ। ਨਾ ਤਾਂ ਉਹ ਕਿਸਾਨਾਂ ਨਾਲ ਵਿਗਾੜ ਪਾ ਰਹੇ ਹਨ ਅਤੇ ਨਾ ਹੀ ਭਾਜਪਾ ਦੇ ਨਾਲ ਖੜ੍ਹੇ ਹੋ ਰਹੇ ਹਨ। ਕਿਸਾਨਾਂ ਦੇ ਮਸਲੇ ਨੂੰ ਲੈ ਕੇ ਕੈਪਟਨ ਦੇ ਕਰੀਬੀ ਲੋਕ ਹੀ ਸੋਸ਼ਲ ਮੀਡੀਆ ’ਤੇ ਹੁਣ ਕਿਸਾਨਾਂ ਦੇ ਮਸੀਹਾ ਵਜੋਂ ਕੈਪਟਨ ਨੂੰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਰਨ ਇਹ ਹੈ ਕਿ ਉਨ੍ਹਾਂ ਦੇ ਮੂੰਹ ਵਿਚੋਂ ਨਿਕਲੇ ਕੁਝ ਸ਼ਬਦ ਭਾਜਪਾ ਲਈ ਗੈਰ ਪਸੰਦ ਵਾਲੇ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਬਣੀ ਬਣਾਈ ਖੇਡ ਵਿਗੜ ਸਕਦੀ ਹੈ।

You must be logged in to post a comment Login