ਏਅਰ ਇੰਡੀਆ ਦੇ ਨਿੱਜੀਕਰਨ ਤੋਂ ਬਾਅਦ ਸਰਕਾਰ 4 ਸਹਾਇਕ ਕੰਪਨੀਆਂ ਨੂੰ ਵੇਚਣ ਦੀ ਤਿਆਰੀ ’ਚ

ਏਅਰ ਇੰਡੀਆ ਦੇ ਨਿੱਜੀਕਰਨ ਤੋਂ ਬਾਅਦ ਸਰਕਾਰ 4 ਸਹਾਇਕ ਕੰਪਨੀਆਂ ਨੂੰ ਵੇਚਣ ਦੀ ਤਿਆਰੀ ’ਚ

ਨਵੀਂ ਦਿੱਲੀ – ਨਿਵੇਸ਼ ਅਤੇ ਲੋਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਹੈ ਕਿ ਏਅਰ ਇੰਡੀਆ ਦੇ ਨਿੱਜੀਕਰਨ ਤੋਂ ਬਾਅਦ ਸਰਕਾਰ ਹੁਣ ਅਲਾਇੰਸ ਏਅਰ ਸਮੇਤ ਉਸ ਦੀਆਂ 4 ਹੋਰ ਸਹਾਇਕ (ਸਬਸਿਡਰੀ) ਕੰਪਨੀਆਂ ਅਤੇ 14,700 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਜ਼ਮੀਨ-ਇਮਾਰਤਾਂ ਵਰਗੀਆਂ ਗੈਰ-ਪ੍ਰਮੁੱਖ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ’ਚ ਜੁੱਟ ਗਈ ਹੈ। ਸਰਕਾਰ ਨੇ 8 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਟਾਟਾ ਸੰਜ਼ ਨੇ 18,000 ਕਰੋਡ਼ ਰੁਪਏ ’ਚ ਕਰਜ਼ੇ ਹੇਠ ਦੱਬੀ ਰਾਸ਼ਟਰੀ ਹਵਾਈ ਕੰਪਨੀ ਏਅਰ ਇੰਡੀਆ ਦੀ ਅਕਵਾਇਰਮੈਂਟ ਦੀ ਬੋਲੀ ਜਿੱਤੀ ਹੈ। ਇਸ ’ਚ 2,700 ਕਰੋਡ਼ ਰੁਪਏ ਦਾ ਨਕਦ ਭੁਗਤਾਨ ਅਤੇ 15,300 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਸ਼ਾਮਲ ਹੈ। ਇਸ ਸੌਦੇ ਦੇ ਦਸੰਬਰ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਪਾਂਡੇ ਨੇ ਕਿਹਾ, ‘‘ਦੀਪਮ ਹੁਣ ਏਅਰ ਇੰਡੀਆ ਦੀਆਂ ਸਹਾਇਕ ਕੰਪਨੀਆਂ ਦੇ ਮੁਦਰੀਕਰਣ ਲਈ ਇਕ ਯੋਜਨਾ ’ਤੇ ਕੰਮ ਕਰੇਗਾ। ਇਹ ਸਹਾਇਕ ਕੰਪਨੀਆਂ ਭਾਰਤ ਸਰਕਾਰ ਦੀ ਏਅਰ ਇੰਡੀਆ ਏਸੈੱਟ ਹੋਲਡਿੰਗ ਲਿਮਟਿਡ (ਏ. ਆਈ. ਏ. ਐੱਚ. ਐੱਲ.) ਦੇ ਕੋਲ ਹਨ।’’
ਉਨ੍ਹਾਂ ਨੇ ਕਿਹਾ, ‘‘ਸਹਾਇਕ ਕੰਪਨੀਆਂ ਦੀ ਵਿਕਰੀ ਸ਼ੁਰੂ ਨਹੀਂ ਹੋ ਸਕੀ, ਕਿਉਂਕਿ ਇਹ ਸਾਰੀਆਂ ਇਕ-ਦੂਜੀ ਨਾਲ ਜੁਡ਼ੀਆਂ ਹਨ। ਜਦੋਂ ਤੱਕ ਏਅਰ ਇੰਡੀਆ ਦੀ ਵਿਕਰੀ ਨਹੀਂ ਹੋ ਜਾਂਦੀ, ਅਸੀਂ ਹੋਰ ਚੀਜ਼ਾਂ ’ਤੇ ਅੱਗੇ ਨਹੀਂ ਵਧ ਸੱਕਦੇ।’’ ਏਅਰ ਇੰਡੀਆ ਦੀ ਵਿਕਰੀ ਲਈ ਸਰਕਾਰ ਨੇ 2019 ’ਚ ਏਅਰ ਇੰਡੀਆ ਸਮੂਹ ਦੇ ਕਰਜ਼ੇ ਅਤੇ ਗੈਰ-ਪ੍ਰਮੁੱਖ ਜਾਇਦਾਦਾਂ ਨੂੰ ਰੱਖਣ ਲਈ ਇਕ ਵਿਸ਼ੇਸ਼ ਉੱਦੇਸ਼ੀ ਕੰਪਨੀ ਏ. ਆਈ. ਏ. ਐੱਚ. ਐੱਲ. ਦਾ ਗਠਨ ਕੀਤਾ ਸੀ।
ਇਹ ਹਨ 4 ਸਬਸਿਡਰੀਜ਼ : ਏਅਰ ਇੰਡੀਆ ਦੀ 4 ਸਬਸਿਡਰੀਜ਼ ਕੰਪਨੀਆਂ–ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸਿਜ਼ ਲਿਮਟਿਡ, ਏਅਰਲਾਈਨ ਐਲਾਇਡ ਸਰਵਿਸਿਜ਼ ਲਿਮਟਿਡ, ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸਿਜ਼ ਲਿਮਟਿਡ ਅਤੇ ਹੋਟਲ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਹਨ।

You must be logged in to post a comment Login