ਪੰਜਾਬ ਸਰਕਾਰ ਅਤੇ ਉਗਰਾਹਾਂ ਜਥੇਬੰਦੀ ਵਿਚਕਾਰ ਗੱਲਬਾਤ ਬੇਸਿੱਟਾ

ਪੰਜਾਬ ਸਰਕਾਰ ਅਤੇ ਉਗਰਾਹਾਂ ਜਥੇਬੰਦੀ ਵਿਚਕਾਰ ਗੱਲਬਾਤ ਬੇਸਿੱਟਾ

ਮਾਨਸਾ 13 ਅਕਤੂਬਰ : ਨਰਮੇ ਅਤੇ ਹੋਰ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਦੁਪਹਿਰ ਵੇਲੇ ਚੰਡੀਗੜ੍ਹ ਵਿੱਚ ਅੱਜ ਹੋਈ ਗੱਲਬਾਤ ਬੇਸਿੱਟਾ ਰਹੀ। ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਗਿਆ ਸੀ ਅਤੇ ਇਸ ਸੱਦੇ ਨੂੰ ਕਿਸਾਨ ਹਿੱਤਾਂ ਲਈ ਪ੍ਰਵਾਨ ਕਰਦਿਆਂ ਅੱਜ ਮੀਟਿੰਗ ਲਈ ਜਥੇਬੰਦੀ ਦੇ ਪੰਜ ਆਗੂ ਝੰਡਾ ਸਿੰਘ ਜੇਠੂਕੇ, ਸ਼ੰਗਾਰਾ ਸਿੰਘ ਮਾਨ, (ਬਠਿੰਡਾ), ਰਾਮ ਸਿੰਘ ਭੈਣੀ ਬਾਘਾ ( ਮਾਨਸਾ) ਗੁਰਪਾਲ ਸਿੰਘ ਸਿੰਘੇਵਾਲਾ (ਸ੍ਰੀ ਮੁਕਤਸਰ ਸਾਹਿਬ), ਗੁਰਭੇਜ ਸਿੰਘ ਫਾਜ਼ਿਲਕਾ ਭਾਗ ਲੈਣ ਲਈ ਗਏ ਸਨ। ਜ਼ਿਕਰਯੋਗ ਹੈ ਕਿ ਨਰਮੇ ਦੇ ਮੁਆਵਜ਼ੇ ਲਈ ਜਥੇਬੰਦੀ ਨੇ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਨਾਲ ਲੈਕੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਅੱਗੇ ਪਿਛਲੇ ਕਈ ਦਿਨਾਂ ਤੋਂ ਪੱਕਾ ਮੋਰਚਾ ਆਰੰਭ ਕੀਤਾ ਹੋਇਆ ਹੈ। ਉਧਰ ਖਜ਼ਾਨਾ ਮੰਤਰੀ ਦੀ ਕੋਠੀ ਦੇ ਘਿਰਾਓ ਦੌਰਾਨ ਹੀ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਨੇ ਕਿਸਾਨਾਂ ਦੀ ਗੱਲਬਾਤ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਅਤੇ ਵਿੱਤ ਵਿਭਾਗ ਦੇ ਸਕੱਤਰਾਂ ਨਾਲ 13 ਅਕਤੂਬਰ ਨੂੰ ਕਰਵਾਉਣ ਲਈ ਲਿਖਤੀ ਚਿੱਠੀ ਭੇਜੀ ਗਈ ਸੀ। ਇਸੇ ਦੌਰਾਨ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮੀਟਿੰਗ ਵਧੀਆ ਮਾਹੌਲ ਵਿਚ ਹੋਈ ਅਤੇ ਪੰਜਾਬ ਸਰਕਾਰ ਤੋਂ 60,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਲੈਣ ਲਈ ਆਪਣੀ ਮੰਗ ਰੱਖੀ, ਜਦੋਂ ਕਿ ਮਜ਼ਦੂਰਾਂ ਲਈ 30,000 ਰੁਪਏ ਪ੍ਰਤੀ ਪਰਿਵਾਰ ਮੁਆਵਜੇ ਦੀ ਮੰਗ ਜਥੇਬੰਦੀ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 12 ਹਜ਼ਾਰ ਦੇਣ ਦੀ ਗੱਲ ਕੀਤੀ ਪਰ ਜਥੇਬੰਦੀ ਆਪਣੀ ਮੰਗ ਤੋਂ ਪਿੱਛੇ ਨਾ ਹਟੀ, ਜਿਸ ਕਰਕੇ ਸਰਕਾਰ ਨੇ ਮਾਮਲੇ ਨੂੰ ਵਿਚਾਰਨ ਲਈ ਵਾਅਦਾ ਕਰਕੇ ਮੀਟਿੰਗ ਸਮਾਪਤ ਕਰ ਦਿੱਤੀ। ਜਥੇਬੰਦੀ ਨੇ ਐਲਾਨ ਕੀਤਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਜਾਰੀ ਰਹੇਗਾ।

You must be logged in to post a comment Login