ਕੇਜਰੀਵਾਲ ਮਾਨਸਾ ਪੁੱਜੇ, ਕਿਸਾਨ ਆਗੂਆਂ ਦੇ ਸਵਾਲਾਂ ਦੇ ਜਵਾਬ ਨਾ ਦੇ ਸਕੇ

ਕੇਜਰੀਵਾਲ ਮਾਨਸਾ ਪੁੱਜੇ, ਕਿਸਾਨ ਆਗੂਆਂ ਦੇ ਸਵਾਲਾਂ ਦੇ ਜਵਾਬ ਨਾ ਦੇ ਸਕੇ

ਮਾਨਸਾ, 28 ਅਕਤੂਬਰ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੋ ਦਿਨਾਂ ਦੇ ਦੌਰੇ ਲਈ ਮਾਨਸਾ ਆਏ। ਭਾਵੇਂ ਉਨ੍ਹਾਂ ਦਾ ਪਾਰਟੀ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਪਰ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਕਮਰੇ ਵਿੱਚ ਬਿਠਾਕੇ ਪੁੱਛੇ ਸਵਾਲਾਂ ਦਾ ਜਵਾਬ ਦੇਣ ਤੋਂ ਉਹ ਭੱਜ ਗਏ। ਉਨ੍ਹਾਂ ਨਾਲ ਭਗਵੰਤ ਸਿੰਘ ਮਾਨ ਸਮੇਤ ਹੋਰ ਆਗੂ ਸਨ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਐਡਵੋਕੇਟ ਕੁਲਵਿੰਦਰ ਸਿੰਘ ਉਡਤ, ਕਿ੍ਸ਼ਨ ਚੌਹਾਨ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਅਤੇ ਧਾਰਾ 370 ਤਹਿਤ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਉਹ ਪਾਸਾ ਵੱਟ ਗਏ ਅਤੇ ਜਥੇਬੰਦੀਆਂ ਵਾਪਸ ਆ ਗਈਆਂ। ਸ੍ਰੀ ਕੇਜਰੀਵਾਲ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਅਤੇ ਝੋਨੇ ਦੇ ਘੱਟ ਨਿਕਲੇ ਝਾੜ ਸਮੇਤ ਹੋਰ ਕਿਸਾਨੀ ਤਕਲੀਫ਼ਾਂ ਸਬੰਧੀ ਇਥੇ ਵਿਰਾਸਤ ਰਿਜ਼ੋਰਟ ਵਿੱਚ 300 ਕਿਸਾਨਾਂ ਨਾਲ ਗੱਲਬਾਤ ਕਰਨ ਆਏ ਸਨ। ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਰੁਕੇ ਸਨ ਅਤੇ ਇਹ ਗੱਲਬਾਤ ਪਾਰਟੀ ਦੇ ਸਥਾਨਕ ਆਗੂਆਂ ਵੱਲੋਂ ਸ੍ਰੀ ਕੇਜਰੀਵਾਲ ਨਾਲ ਕਰਵਾਈ ਗਈ ਸੀ।

You must be logged in to post a comment Login