ਮਨਪ੍ਰੀਤ ਸਿੰਘ ਨੂੰ ਮਿਲੇਗਾ ਖੇਲ ਰਤਨ

ਮਨਪ੍ਰੀਤ ਸਿੰਘ ਨੂੰ ਮਿਲੇਗਾ ਖੇਲ ਰਤਨ

ਨਵੀਂ ਦਿੱਲੀ: ਟੋਕੀਓ ਓਲੰਪਿਕ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਮਨਪ੍ਰੀਤ ਨੂੰ ਮਿਲਾ ਕੇ ਇਸ ਸੂਚੀ ਵਿੱਚ ਕੁੱਲ 12 ਖਿਡਾਰੀ ਸ਼ਾਮਲ ਹਨ। ਰਾਸ਼ਟਰਪਤੀ ਭਵਨ ਵਿੱਚ 13 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਖੇਡ ਪੁਰਸਕਾਰ ਦਿੱਤੇ ਜਾਣਗੇ। ਅਸਲ ਵਿੱਚ ਮਨਪ੍ਰੀਤ ਦਾ ਨਾਮ ਅਰਜੁਨ ਐਵਾਰਡ ਲਈ ਸਿਫਾਰਸ਼ ਕੀਤਾ ਗਿਆ ਸੀ, ਪਰ ਮਗਰੋਂ ਉਸ ਦਾ ਨਾਂ ਦੇਸ਼ ਦੇ ਸਿਖਰਲੇ ਖੇਡ ਪੁਰਸਕਾਰ ‘ਖੇਤ ਰਤਨ’ ਵਾਲੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਸੂਚੀ ਵਿੱਚ ਦੂਜੇ ਹਾਕੀ ਖਿਡਾਰੀ ਵਜੋਂ ਉੱਘੇ ਗੋਲਕੀਪਰ ਪੀ.ਆਰ.ਸ੍ਰੀਜੇਸ਼ ਦਾ ਨਾਂ ਸ਼ਾਮਲ ਹੈ। ਖੇਲ ਰਤਨ ਪੁਰਸਕਾਰ ਜੇਤੂ ਹੋਰਨਾਂ ਖਿਡਾਰੀਆਂ ਵਿੱਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਤੇ ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਦਹੀਆ ਸ਼ਾਮਲ ਹਨ। ਅਰਜੁਨ ਐਵਾਰਡੀ 35 ਖਿਡਾਰੀਆਂ ’ਚੋਂ ਬਹੁਤੇ ਭਾਰਤ ਲਈ ਪੈਰਾਲੰਪਿਕ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲੇ ਖਿਡਾਰੀ ਤੇ ਕ੍ਰਿਕਟਰ ਸ਼ਿਖਰ ਧਵਨ ਤੇ ਮਿਥਾਲੀ ਰਾਜ ਹਨ। ਖੇਡ ਮੰਤਰਾਲੇ ਨੇ ਇਕ ਬਿਆਨ ਰਾਹੀਂ ਐਲਾਨ ਕੀਤਾ, ‘‘ਐਵਾਰਡੀਆਂ ਨੂੰ 13 ਨਵੰਬਰ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਪੁਰਸਕਾਰ ਦਿੱਤੇ ਜਾਣਗੇ।’’ ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਰਕੇ ਖੇਡ ਐਵਾਰਡਾਂ ਲਈ ਵਰਚੁਅਲ ਸਮਾਗਮ ਕੀਤਾ ਗਿਆ ਸੀ। ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਹਾਸਲ ਕਰਨ ਵਾਲੇ ਹੋਰਨਾਂ ਖਿਡਾਰੀਆਂ ’ਚ ਮਹਿਲਾ ਬਾਕਸਰ ਲਵਲੀਨਾ ਬੋਰਗੋਹੇਨ, ਪਹਿਲਵਾਨ ਰਵੀ ਕੁਮਾਰ, ਫੁਟਬਾਲਰ ਸੁਨੀਲ ਛੇਤਰੀ ਆਦਿ ਸ਼ਾਮਲ ਹਨ ਜਦੋਂਕਿ ਅਰਜੁਨ ਐਵਾਰਡ ਲਈ ਪੰਜਾਬ ਤੇ ਹਰਿਆਣਾ ਨਾਲ ਸਬੰਧਤ ਖਿਡਾਰੀਆਂ ’ਚ ਬਾਕਸਰ ਸਿਮਰਨਜੀਤ ਕੌਰ, ਵੰਦਨਾ ਕਟਾਰੀਆ, ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਸਮਸ਼ੇਰ ਸਿੰਘ, ਸਿਮਰਨਜੀਤ ਸਿਘ (ਸਾਰੇ ਹਾਕੀ), ਹਰਵਿੰਦਰ ਸਿੰਘ (ਪੈਰਾ ਤੀਰਅੰਦਾਜ਼ੀ), ਦੀਪਕ ਪੂਨੀਆ (ਪਹਿਲਵਾਨ) ਆਦਿ ਸ਼ਾਮਲ ਹਨ।

You must be logged in to post a comment Login