ਪੰਜਾਬ ‘ਚ 6 ਜ਼ਿਲ੍ਹਿਆਂ ਦਾ AQI ਵਧਿਆ

ਪੰਜਾਬ ‘ਚ 6 ਜ਼ਿਲ੍ਹਿਆਂ ਦਾ AQI ਵਧਿਆ

ਪਟਿਆਲਾ : ਪੰਜਾਬ ਦੇ ਕਿਸਾਨਾਂ ਵੱਲੋਂ ਖੇਤਾਂ ‘ਚ ਪਰਾਲੀ ਸਾੜਨ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਸਰਕਾਰ ਅਤੇ ਵਿਭਾਗ ਲਈ ਇਨ੍ਹਾਂ ਕੇਸਾਂ ਨੂੰ ਰੋਕਣਾ ਚੁਣੌਤੀ ਬਣਿਆ ਹੋਇਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ ਪਾਲ ਵਿਗ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਕੇਸਾਂ ‘ਚ ਕਮੀ ਆਈ ਹੈ, ਹਾਲਾਂਕਿ ਪਿਛਲੇ ਕੁੱਝ ਦਿਨਾਂ ‘ਚ ਹਰ ਰੋਜ਼ 3 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਹੁਣ ਤੱਕ ਪਰਾਲੀ ਸਾੜਨ ਦੇ 37 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ। ਚੇਅਰਮੈਨ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ 6 ਜ਼ਿਲ੍ਹਿਆਂ ‘ਚ ਏਅਰ ਕੁਆਲਿਟੀ ਇੰਡੈਕਸ (AQI) ‘ਚ ਵਾਧਾ ਹੋਇਆ ਹੈ ਪਰ ਹੁਣ ਹਵਾ ਸਾਫ਼ ਹੈ। ਪ੍ਰੋ. ਆਦਰਸ਼ ਪਾਲ ਵਿਗ ਨੇ ਕਿਹਾ ਕਿ 6 ਨਵੰਬਰ ਤੱਕ ਪਰਾਲੀ ਸਾੜਨ ਦੇ 32 ਹਜ਼ਾਰ ਕੇਸਾਂ ‘ਚ 43 ਲੱਖ, 15 ਹਜ਼ਾਰ ਜ਼ੁਰਮਾਨਾ ਲਾਇਆ ਜਾ ਚੁੱਕਿਆ ਹੈ। ਪ੍ਰੋ. ਆਦਰਸ਼ ਪਾਲ ਵਿਗ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਕਿ ਇਸ ਵਾਰ ਲੋਕਾਂ ਨੇ ਗਰੀਨ ਪਟਾਕੇ ਚਲਾ ਕੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ‘ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀਵਾਲੀ ਵਾਲੇ ਦਿਨ ਘੱਟ ਪ੍ਰਦੂਸ਼ਣ ਹੋਇਆ ਹੈ।

You must be logged in to post a comment Login