ਨਵੀਂ ਦਿੱਲੀ, 28 ਨਵੰਬਰ : ਸਰਕਾਰ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਬਿਜਲੀ, ਪੈਨਸ਼ਨ, ਵਿੱਤੀ ਸੁਧਾਰਾਂ ਨਾਲ ਸਬੰਧਤ ਘੱਟੋ-ਘੱਟ ਅੱਧੀ ਦਰਜਨ ਬਿੱਲਾਂ ਸਮੇਤ ਕਰੀਬ 30 ਬਿੱਲ ਪੇਸ਼ ਕਰੇਗੀ। ਲੋਕ ਸਭਾ ਸਕੱਤਰੇਤ ਦੇ ਬੁਲੇਟਿਨ ਅਨੁਸਾਰ, ਆਰਥਿਕ ਅਤੇ ਹੋਰ ਸੁਧਾਰਾਂ ਨਾਲ ਸਬੰਧਤ ਬਿੱਲਾਂ ਵਿੱਚ ਬਿਜਲੀ ਸੋਧ ਬਿੱਲ 2021, ਬੈਂਕਿੰਗ ਕਾਨੂੰਨ ਸੋਧ ਬਿੱਲ 2021, ਪੈਨਸ਼ਨ ਸੁਧਾਰ ਨਾਲ ਸਬੰਧਤ ਪੀਐਫਆਰਡੀਏ ਸੋਧ ਬਿੱਲ, ਦੀਵਾਲੀਆਪਨ ਅਤੇ ਦੀਵਾਲੀਆਪਨ ਦੂਜਾ ਸੋਧ ਬਿੱਲ 2021, ਊਰਜਾ ਸੰਭਾਲ ਸੋਧ ਬਿੱਲ-2021, ਚਾਰਟਰਡ ਅਕਾਊਂਟੈਂਟਸ, ਕਾਸਟ ਐਂਡ ਵਰਕਸ ਅਕਾਊਂਟੈਂਟਸ, ਕੰਪਨੀ ਸੈਕਟਰੀਜ਼ ਸੋਧ ਬਿੱਲ 2021 ਸ਼ਾਮਲ ਹਨ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੱਸਿਆ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਆਰਥਿਕ ਸੁਧਾਰਾਂ ਨਾਲ ਸਬੰਧਤ ਕੁਝ ਅਹਿਮ ਬਿੱਲਾਂ ਸਮੇਤ 30 ਬਿੱਲ ਪੇਸ਼ ਕੀਤੇ ਜਾਣਗੇ, ਜਿਨ੍ਹਾਂ ‘ਚ ਕੁਝ ਬਕਾਇਆ ਬਿੱਲ ਸ਼ਾਮਲ ਹਨ। ਵਿਰੋਧੀ ਧਿਰ ਨੂੰ ਇਨ੍ਹਾਂ ਅਹਿਮ ਬਿੱਲਾਂ ‘ਤੇ ਚਰਚਾ ਕਰਨ ਦੀ ਅਪੀਲ ਕੀਤੀ ਗਈ ਹੈ। ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਬਿੱਲ ਪੇਸ਼ ਕੀਤਾ ਜਾਵੇਗਾ।

You must be logged in to post a comment Login