ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ

ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ

ਫਰੀਦਕੋਟ : ਪਿੰਡ ਭੂੰਦੜ ਵਿਖੇ ਡੇਰਾ ਪ੍ਰੇਮੀ ਚਰਨਦਾਸ ਦੇ ਕਤਲ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਤਲ ਤੋਂ ਬਾਅਦ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਸਥਾਨਕ ਡੇਰਾ ਪ੍ਰੇਮੀਆਂ ਦੇ ਘਰਾਂ ਦੇ ਬਾਹਰ ਪੂਰੀ ਰਾਤ ਪੁਲਸ ਤਾਇਨਾਤ ਰਹੀ। ਪੁਲਸ ਦੀ ਇਹ ਮੁਸ਼ਤੈਦੀ ਕੋਟਕਪੂਰਾ, ਫਰੀਦਕੋਟ ਅਤੇ ਬਠਿੰਡਾ ’ਚ ਜ਼ਿਆਦਾ ਦੇਖਣ ਨੂੰ ਮਿਲੀ, ਸਥਾਨਕ ਨਾਮ ਚਰਚਾ ਘਰ ਅਤੇ ਮੈਜਿਕ ਸੁਪਰ ਪੁਆਇੰਟ ਅੱਗੇ ਅੱਜ ਪੁਲਸ ਦਾ ਸਖ਼ਤ ਪਹਿਰਾ ਦੇਖਿਆ ਗਿਆ ਕਿਉਂਕਿ ਡੇਰਾ ਸਿਰਸਾ ਨੂੰ ਲੈ ਕੇ ਜ਼ਿਆਦਾਤਰ ਵਿਵਾਦ ਇਨ੍ਹਾਂ ਇਲਾਕਿਆਂ ’ਚ ਹੀ ਹੁੰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪੁਲਸ ਨੇ 2015 ’ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਛੇ ਡੇਰਾ ਪ੍ਰੇਮੀਆਂ ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ, ਬਲਜੀਤ ਸਿੰਘ, ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸੰਨੀ ਨੂੰ ਨਾਮਜ਼ਦ ਕੀਤਾ ਸੀ। ਇਹ ਸਾਰੇ ਹੁਣ ਜ਼ਮਾਨਤ ’ਤੇ ਬਾਹਰ ਹਨ। ਭਾਵੇਂ ਉਨ੍ਹਾਂ ਨੂੰ ਪਹਿਲਾਂ ਹੀ ਪੁਲਸ ਵਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਪਰ ਉਸ ਨੂੰ ਹੋਰ ਸਖ਼ਤ ਕੀਤਾ ਗਿਆ ਹੈ। ਪੁਲਸ ਨੇ ਪੰਜਾਬ ਦੇ ਸਾਰੇ ਨਾਮ ਚਰਚਾ ਘਰਾਂ ਦੇ ਬਾਹਰ ਪੁਲਸ ਦਾ ਪਹਿਰਾ ਹੋਰ ਸਖ਼ਤ ਕਰ ਦਿੱਤਾ ਹੈ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਦੇਰ ਰਾਤ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਨਿੱਜੀ ਤੌਰ ’ਤੇ ਜਾਇਜ਼ਾ ਵੀ ਲਿਆ ਗਿਆ।

You must be logged in to post a comment Login