ਹੈਲਕਾਪਟਰ ਹਾਦਸਾ: ਜ਼ਖ਼ਮੀ ਗਰੁੱਪ ਕੈਪਟਨ ਵਰੁਣ ਸਿੰਘ ਨੇ ਦਮ ਤੋੜਿਆ

ਹੈਲਕਾਪਟਰ ਹਾਦਸਾ: ਜ਼ਖ਼ਮੀ ਗਰੁੱਪ ਕੈਪਟਨ ਵਰੁਣ ਸਿੰਘ ਨੇ ਦਮ ਤੋੜਿਆ

ਨਵੀਂ ਦਿੱਲੀ, 15 : ਤਾਮਿਲ ਨਾਡੂ ਦੇ ਕੁੰਨੂਰ ਵਿੱਚ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ (ਆਈਏਐਫ) ਵੱਲੋਂ ਦਿੱਤੀ ਗਈ। ਵਰੁਣ ਸਿੰਘ ਬੰਗਲੂਰੂ ਵਿੱਚ ਆਰਮੀ ਹਸਪਤਾਲ ਵਿੱਚ ਦਾਖਲ ਸਨ। ਹਵਾਈ ਸੈਨਾ ਨੇ ਕਿਹਾ, ‘‘ਬਹਾਦਰ ਗਰੁੱਪ ਕੈਪਟਨ ਨੇ ਅੱਜ ਸਵੇਰੇ ਦਮ ਤੋੜ ਦਿੱਤਾ।’’ ਹਵਾਈ ਸੈਨਾ ਨੇ ਟਵੀਟ ਕੀਤਾ, ‘‘ਆਈਏਐਫ ਨੂੰ ਇਹ ਦੱਸਦਿਆਂ ਹੋਇਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਬਹਾਦਰ ਗਰੁੱਪ ਕੈਪਟਨ ਵਰੁਣ ਸਿੰਘ, ਜੋ 8 ਦਸੰਬਰ 2021 ਨੂੰ ਹੈਲੀਕਾਪਟਰ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ, ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਭਾਰਤੀ ਹਵਾਈ ਸੈਨਾ ਦੁੱਖ ਦਾ ਇਜ਼ਹਾਰ ਕਰਦੀ ਹੈ ਅਤੇ ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।’’ ਜ਼ਿਕਰਯੋਗ ਹੈ ਕਿ ਉਕਤ ਹਾਦਸੇ ਵਿੱਚ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਫੌਜੀ ਮਾਰੇ ਗਏ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰੁਣ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ  ਕੀਤਾ ਹੈ।

You must be logged in to post a comment Login