ਬੂਸਟਰ ਪ੍ਰੋਗਰਾਮ ਵਿੱਚ ਹੋ ਰਹੇ ਖਾਸੇ ਇਜ਼ਾਫ਼ੇ ਨਾਲ ਨਿਊ ਸਾਊਥ ਵੇਲਜ਼ ਮੁੜ ਖੁੱਲਣ ਦੇ ਅਗਲੇ ਪੜਾਅ ਵੱਲ

ਬੂਸਟਰ ਪ੍ਰੋਗਰਾਮ ਵਿੱਚ ਹੋ ਰਹੇ ਖਾਸੇ ਇਜ਼ਾਫ਼ੇ ਨਾਲ ਨਿਊ ਸਾਊਥ ਵੇਲਜ਼ ਮੁੜ ਖੁੱਲਣ ਦੇ ਅਗਲੇ ਪੜਾਅ ਵੱਲ

ਮੁੜ-ਖੁੱਲਣ ਦੇ ਰੋਡਮੈਪ (ਨਕਸ਼ਾ-ਕਦਮ) ਦੇ ਹਿੱਸੇ ਵਜੋਂ ਪਾਬੰਦੀਆਂ ਵਿੱਚ ਦਿੱਤੀ ਜਾ ਰਹੀ ਢਿੱਲ ਦੇ ਚੱਲਦੇ, ਨਿਉ ਸਾਊਥ ਵੇਲਜ਼ ਸਰਕਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੇ COVID-19 ਬੂਸਟਰ ਸ਼ਾਟ ਬੁੱਕ ਕਰਵਾਉਣ।
ਨਵੀਆਂ ਸਥਿਤੀਆਂ ਜੋ ਅੱਜ ਤੋਂ ਲਾਗੂ ਹੋਣ ਜਾ ਰਹੀਆਂ ਹਨ, ਉਨ੍ਹਾਂ ਵਿੱਚ ਸ਼ਾਮਲ ਹਨ:
· ਡੈਨਸਿਟੀ ਸੀਮਾਵਾਂ (ਕਿਸੇ ਨਿਰਧਾਰਤ ਸਥਾਨ ਉੱਤੇ ਕਿੰਨੇ ਲੋਕ ਮੌਜੂਦ ਹਨ ਉਸਦੀ ਸੰਖਿਆ) ਖਤਮ ਹੋ ਜਾਣਗੀਆਂ ਅਤੇ ਮਾਸਕ ਪਾਉਣ ਦੀ ਲੋੜ ਸਿਰਫ਼ ਜਨਤਕ ਆਵਾਜਾਈ ਦੇ ਸਾਧਨਾਂ ਅਤੇ ਜਹਾਜ਼ਾਂ, ਹਵਾਈ ਅੱਡਿਆਂ ਅਤੇ ਮੇਜ਼ਬਾਨੀ ਦੇ ਅੰਦਰਲੇ ਸਥਾਨਾਂ ਦੇ ਉਨ੍ਹਾਂ ਕਰਮਚਾਰੀਆਂ ਲਈ ਹੋਵੇਗੀ ਜਿਨ੍ਹਾਂ ਦਾ ਪੂਰਾ ਟੀਕਾਕਰਨ ਨਹੀਂ ਹੋਇਆ ਹੈ। ਅਜਿਹੀਆਂ ਸਥਿਤੀਆਂ ਵਿੱਚ ਮਾਸਕ ਪਾਉਣ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ ਜਿੱਥੇ ਤੁਸੀਂ ਸਮਾਜਿਕ ਦੂਰੀ ਨਹੀਂ ਰੱਖ ਸਕਦੇ;
· QR ਚੈੱਕ-ਇਨ ਸਿਰਫ ਉੱਚ-ਜੋਖਮ ਵਾਲੇ ਸਥਾਨਾਂ ‘ਤੇ ਲੋੜੀਂਦੇ ਹੋਣਗੇ ਜਿਨ੍ਹਾਂ ਵਿੱਚ ਹਸਪਤਾਲ, ਬਜ਼ੁਰਗ ਅਤੇ ਅਪਾਹਜਤਾ ਦੇਖਭਾਲ ਸਹੂਲਤਾਂ, ਜਿੰਮ, ਪੂਜਾ ਸਥਾਨ, ਦਾਹ ਸੰਸਕਾਰ ਜਾਂ ਯਾਦਗਾਰ ਸੇਵਾਵਾਂ, ਨਿੱਜੀ ਸੇਵਾਵਾਂ ਵਾਲੇ ਕਾਰੋਬਾਰੀ ਸਥਾਨ (ਜਿਵੇਂ ਕਿ ਹੇਅਰ ਡ੍ਰੈਸਰ, ਸੈਲੂਨ ਅਤੇ ਸਪਾ), ਪੱਬ, ਛੋਟੇ ਬਾਰ, ਰਜਿਸਟਰਡ ਕਲੱਬ, ਨਾਈਟ ਕਲੱਬ, ਅਤੇ 1,000 ਤੋਂ ਵੱਧ ਲੋਕਾਂ ਵਾਲੇ ਇਨਡੋਰ (ਅੰਦਰਲੇ ਸਥਾਨਾਂ ਵਿੱਚ ਕੀਤੇ ਜਾ ਰਹੇ) ਸੰਗੀਤ ਤਿਉਹਾਰਾਂ ਲਈ;
· ਟੀਕਾਕਰਣ ਦਾ ਸਬੂਤ ਸਿਰਫ 1,000 ਤੋਂ ਵੱਧ ਲੋਕਾਂ ਵਾਲੇ ਇਨਡੋਰ ਸੰਗੀਤ ਤਿਉਹਾਰਾਂ ਅਤੇ 100 ਤੋਂ ਵੱਧ ਯਾਤਰੀਆਂ ਵਾਲੇ ਕਰੂਜ਼ (ਪਾਣੀ ਦੇ ਜਹਾਜ਼ਾਂ) ਲਈ ਲੋੜੀਂਦਾ ਹੋਵੇਗਾ;
· ਕਾਰੋਬਾਰ ਅਜੇ ਵੀ ਆਪਣੀ ਮਰਜ਼ੀ ਮੁਤਾਬਿਕ ਟੀਕਾਕਰਨ ਦੇ ਸਬੂਤ ਵਿਖਾਉਣ ਦੀ ਮੰਗ ਕਰ ਸਕਦੇ ਹਨ;
· COVID ਸੁਰੱਖਿਆ ਯੋਜਨਾਵਾਂ ਕਾਰੋਬਾਰਾਂ ਲਈ ਵਿਕਲਪਿਕ ਹੋਣਗੀਆਂ ਅਤੇ SafeWork NSW ਦੁਆਰਾ ਇਨ੍ਹਾਂ ਦਾ ਸਮਰਥਨ ਕੀਤਾ ਜਾਵੇਗਾ।
16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 93 ਪ੍ਰਤੀਸ਼ਤ ਤੋਂ ਵੱਧ ਲੋਕਾਂ ਦਾ ਪੂਰਾ ਟੀਕਾਕਰਨ ਹੋ ਚੁੱਕਾ ਹੈ ਜਿਸਦੇ ਨਾਲ ਨਿਊ ਸਾਊਥ ਵੇਲਜ਼ ਦੁਬਾਰਾ ਤੋਂ ਜ਼ਿੰਮੇਵਾਰੀ ਨਾਲ ਅਤੇ ਖੁੱਲਣ ਦੇ ਆਪਣੇ ਸੋਚੇ-ਸਮਝੇ ਪ੍ਰਸਤਾਵ ਉੱਤੇ ਅੱਗੇ ਵੱਧ ਰਿਹਾ ਹੈ।
ਰਾਸ਼ਟਰਮੰਡਲ ਅਤੇ ਨਿਉ ਸਾਊਥ ਵੇਲਜ਼ ਸਰਕਾਰਾਂ ਪੂਰੀ ਆਬਾਦੀ ਵਿੱਚ ਰੋਗ-ਪ੍ਰਤੀਰੋਧਕ ਸ਼ਕਤੀ ਦੇ ਵਧੇ ਹੋਏ ਪੱਧਰ ਨੂੰ ਕਾਇਮ ਰੱਖਣ ਲਈ ਇੱਕ ਬੂਸਟਰ ਟੀਕਾਕਰਨ ਪ੍ਰੋਗਰਾਮ ਨੂੰ ਵਧਾਉਣਾ ਜਾਰੀ ਰੱਖ ਰਹੀਆਂ ਹਨ। ਬੂਸਟਰ ਵਰਤਮਾਨ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹਨ ਜਿਨ੍ਹਾਂ ਨੇ ਘੱਟੋ-ਘੱਟ ਪੰਜ ਮਹੀਨੇ ਪਹਿਲਾਂ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਸੀ।
ਬੂਸਟਰ ਯੋਗਤਾ 2022 ਵਿੱਚ ਲਗਾਤਾਰ ਵੱਧਦੀ ਜਾਵੇਗੀ, ਜਨਵਰੀ ਦੇ ਅੰਤ ਵਿੱਚ ਲਗਭਗ 40 ਪ੍ਰਤੀਸ਼ਤ ਨਿਊ ਸਾਊਥ ਵੇਲਜ਼ ਆਬਾਦੀ, ਫਰਵਰੀ ਵਿੱਚ 64 ਪ੍ਰਤੀਸ਼ਤ, ਮਾਰਚ ਵਿੱਚ 87 ਪ੍ਰਤੀਸ਼ਤ, ਅਤੇ ਅਪ੍ਰੈਲ 2022 ਤੱਕ 91 ਪ੍ਰਤੀਸ਼ਤ ਆਬਾਦੀ ਇਸ ਦੇ ਯੋਗ ਹੋ ਜਾਵੇਗੀ। ਪ੍ਰੀਮੀਅਰ Dominic Perrottet ਨੇ ਕਿਹਾ ਕਿ ਹੋਰ ਪਾਬੰਦੀਆਂ ਦੇ ਹਟਾਏ ਜਾਣ ਨਾਲ ਇਹ ਜ਼ਰੂਰੀ ਸੀ ਕਿ ਲੋਕ ਆਪਣੇ ਬੂਸਟਰ ਸ਼ਾਟ ਬੁੱਕ ਕਰਵਾਉਣ ਤਾਂ ਜੋ ਅਸੀਂ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੁੱਲਣਾ ਜਾਰੀ ਰੱਖ ਸਕੀਏ। “ਜਿਵੇਂ ਕਿ ਅਸੀਂ ਇੱਕ ਮਾਪੇ ਹੋਏ ਅਤੇ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੁੱਲ ਰਹੇ ਹਾਂ, ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਪਹਿਲੀ ਅਤੇ ਦੂਸਰੀ ਅਤੇ ਬੂਸਟਰ ਸ਼ਾਟ ਲਈ ਆਪਣੀਆਂ ਬਾਹਾਂ ਪੇਸ਼ ਕਰਦੇ ਰਹਿਣ,” ਸ਼੍ਰੀ Perrottet ਨੇ ਕਿਹਾ।
“ਅਸੀਂ ਦੁਨੀਆ ਵਿੱਚ ਟੀਕਾਕਰਨ ਦੀਆਂ ਸਭ ਤੋਂ ਉੱਚੀਆਂ ਦਰਾਂ ਵਿੱਚ ਆਉਂਦੇ ਹਾਂ ਪਰ ਚੁਣੌਤੀਆਂ ਲਗਾਤਾਰ ਸਾਡੇ ਸਾਮ੍ਹਣੇ ਆਉਂਦੀਆਂ ਰਹਿਣਗੀਆਂ ਅਤੇ ਨਵੇਂ ਵਰੀਐਂਟਾਂ (ਵਾਇਰਸ ਦੀਆਂ ਕਿਸਮਾਂ) ਦਾ ਮੁਕਾਬਲਾ ਕਰਨ ਅਤੇ ਲੋਕਾਂ ਨੂੰ ਹਸਪਤਾਲਾਂ ਤੋਂ ਬਾਹਰ ਰੱਖਣ ਵਿੱਚ ਮਦਦ ਕਰਨ ਲਈ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।”
ਡਿਪਟੀ ਪ੍ਰੀਮੀਅਰ ਅਤੇ ਖੇਤਰੀ ਨਿਉ ਸਾਊਥ ਵੇਲਜ਼ ਮੰਤਰੀ Paul Toole ਨੇ ਕਿਹਾ ਕਿ ਨਿਉ ਸਾਊਥ ਵੇਲਜ਼ ਸਰਕਾਰ ਗਰਮੀਆਂ ਤੋਂ ਪਹਿਲਾਂ ਲੋਕਾਂ ਨੂੰ ਨਿਸ਼ਚਤਤਾ ਪ੍ਰਦਾਨ ਕਰਨ ਲਈ ਇਸ ਰੋਡਮੈਪ ‘ਤੇ ਬਣੀ ਰਹੇਗੀ।
ਸ੍ਰੀ Toole ਨੇ ਕਿਹਾ, “ਸਾਡੀ ਸਰਕਾਰ ਇਹ ਯਕੀਨੀ ਬਨਾਉਣ ਲਈ COVID ਨੂੰ ਹਮੇਸ਼ਾ ਗੰਭੀਰਤਾ ਨਾਲ ਲਵੇਗੀ ਕਿ ਸਾਡੇ ਖੇਤਰ ਖੁੱਲ੍ਹੇ ਰਹਿਣ ਅਤੇ ਸੁਰੱਖਿਅਤ ਰਹਿਣ।
“ਟੀਕਾਕਰਨ ਦੀਆਂ ਦਰਾਂ ਇੰਨੀਆਂ ਉੱਚੀਆਂ ਹੋਣ ਨਾਲ ਅਤੇ ਆਉਣ-ਜਾਣ ਲਈ ਉਤਸੁਕ ਸੈਲਾਨੀਆਂ ਦੇ ਨਾਲ, ਅਸੀਂ ਲੋਕਾਂ ਨੂੰ ਸਿਹਤ ਸਲਾਹ ਦੀ ਪਾਲਣਾ ਕਰਨ ਦੀ ਤਾਕੀਦ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੀਆਂ ਯਾਤਰਾਵਾਂ ਕਰ ਸਕਣ ਅਤੇ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਤਰੀਕੇ ਨਾਲ ਖੇਤਰੀ ਨਿਊ ਸਾਊਥ ਵੇਲਜ਼ ਦੇ ਸਭ ਤੋਂ ਸੋਹਣੇ ਖੇਤਰਾਂ ਦਾ ਆਨੰਦ ਮਾਣ ਸਕਣ।”
ਨੌਕਰੀਆਂ, ਨਿਵੇਸ਼ ਅਤੇ ਸੈਰ-ਸਪਾਟਾ ਮੰਤਰੀ Stuart Ayres ਨੇ ਕਿਹਾ ਕਿ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਦੇ ਨਾਲ ਕਾਰੋਬਾਰ ਸੁਰੱਖਿਅਤ ਤਰੀਕੇ ਨਾਲ ਲੋਕਾਂ ਦਾ ਸਵਾਗਤ ਕਰਨਾ ਜਾਰੀ ਰੱਖਣਗੇ। “ਕਾਰੋਬਾਰਾਂ ਲਈ ਇਹ ਦੋ ਸਾਲ ਔਖੇ ਰਹੇ ਹਨ ਪਰ ਅਸੀਂ ਕੋਵਿਡ-ਸੁਰੱਖਿਅਤ ਤਰੀਕੇ ਨਾਲ ਜੀਣਾ ਅਤੇ ਕੰਮ ਕਰਨਾ ਸਿੱਖ ਰਹੇ ਹਾਂ ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਹਰੇਕ ਦੀ ਸੁਰੱਖਿਆ ਲਈ ਨਿਯਮਾਂ ਦੀ ਪਾਲਣਾ ਕਰੀਏ,” ਸ਼੍ਰੀ Ayres ਨੇ ਕਿਹਾ। “ਸਾਡੇ ਗਰਮੀਆਂ ਵਿੱਚ ਦਾਖਲ ਹੋਣ ਦੇ ਨਾਲ ਕੈਫੇ, ਰੈਸਟੋਰੈਂਟ, ਰੀਟੇਲ (ਪ੍ਰਚੂਨ), ਸੈਰ-ਸਪਾਟਾ ਉਦਯੋਗ ਵਧੇਰੇ ਲੋਕਾਂ ਦਾ ਸਵਾਗਤ ਕਰਨ ਦੇ ਯੋਗ ਹੋਣਗੇ ਪਰ ਇਹ ਜ਼ਰੂਰੀ ਹੈ ਕਿ ਲੋਕ ਬਾਹਰ ਨਿੱਕਲਣ ਅਤੇ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਅਤੇ ਕਾਰੋਬਾਰਾਂ ਨੂੰ ਖੁੱਲ੍ਹਾ ਰੱਖਣ ਲਈ ਬੂਸਟਰ ਪ੍ਰਾਪਤ ਕਰਨ।”
ਸਿਹਤ ਮੰਤਰੀ Brad Hazzard ਨੇ ਹਰ ਕਿਸੇ ਨੂੰ ਉਤਸ਼ਾਹਿਤ ਕੀਤਾ ਕਿ ਜਿਵੇਂ ਹੀ ਉਹ ਇਸ ਦੇ ਯੋਗ ਹੁੰਦੇ ਹਨ, ਆਪਣਾ ਬੂਸਟਰ ਬੁੱਕ ਕਰਵਾਉਣ। “ਆਪਣੀ ਯੋਗਤਾ ਦੀ ਜਾਂਚ ਕਰੋ, ਔਨਲਾਈਨ ਜਾਓ, ਬੁਕਿੰਗ ਕਰੋ ਅਤੇ ਇਸ ਦੇ ਨਾਲ ਤੁਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਸਮਾਜ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਹਿੱਸੇ ਦੀ ਕੋਸ਼ਿਸ਼ ਕਰੋਗੇ,” ਸ਼੍ਰੀ Hazzard ਨੇ ਕਿਹਾ।
15 ਦਸੰਬਰ ਰੋਡਮੈਪ ਬਦਲਾਅਵਾਂ ਬਾਰੇ ਹੋਰ ਜਾਣਕਾਰੀ ਲਈ ਵੇਖੋ: www.nsw.gov.au/covid- 19/ ਆਸਾਨ-ਕੋਵਿਡ-19-ਪਾਬੰਦੀਆਂ/ਦਸੰਬਰ ਵਿੱਚ ਖੁੱਲ੍ਹਣਾ.
ਆਈਸੋਲੇਸ਼ਨ (ਅਲੱਗ ਰਹਿਣ), ਟੈਸਟਿੰਗ ਅਤੇ ਕੁਆਰੰਟੀਨ ਲੋੜਾਂ ਦੀ ਪਾਲਣਾ ਨਾ ਕਰਨ ‘ਤੇ ਵਧਾਏ ਗਏ ਜੁਰਮਾਨੇ ਕਾਇਮ ਰਹਿਣਗੇ, ਵਿਅਕਤੀਆਂ ਨੂੰ $5,000 ਅਤੇ ਕਾਰਪੋਰੇਸ਼ਨਾਂ ਨੂੰ $10,000 ਤੱਕ ਦੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ।
ਪੂਰਾ ਟੀਕਾਕਰਨ ਪ੍ਰਾਪਤ ਕਰ ਚੁੱਕੇ ਨਜ਼ਦੀਕੀ ਸੰਪਰਕਾਂ ਨੂੰ ਸਿਰਫ਼ ਉਦੋਂ ਤੱਕ ਆਈਸੋਲੇਟ ਕਰਨਾ ਪਵੇਗਾ ਜਦੋਂ ਤੱਕ ਉਹ ਨੈਗੇਟਿਵ PCR ਨਤੀਜਾ ਪ੍ਰਾਪਤ ਨਹੀਂ ਕਰ ਲੈਂਦੇ। ਹਾਲਾਂਕਿ, ਘਰੇਲੂ ਨਜ਼ਦੀਕੀ ਸੰਪਰਕਾਂ ਅਤੇ ਨਿਊ ਸਾਊਥ ਵੇਲਜ਼ ਹੈਲਥ ਦੁਆਰਾ ਪਛਾਣ ਕੀਤੇ ਗਏ ਹੋਰ ਸਥਾਨਾਂ ਦੇ ਨਜ਼ਦੀਕੀ ਸੰਪਰਕਾਂ ਨੂੰ ਅਜੇ ਵੀ ਸੱਤ ਦਿਨਾਂ ਲਈ ਆਈਸੋਲੇਟ ਕਰਨ ਅਤੇ PCR ਟੈਸਟਿੰਗ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।
ਰਾਸ਼ਟਰਮੰਡਲ ਸਰਕਾਰ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਟੀਕਾਕਰਨ ਪ੍ਰੋਗਰਾਮ ਨੂੰ ‘ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆੱਨ ਇਮਯੂਨਾਈਜ਼ੇਸ਼ਨ’ (ATAGI) ਵੱਲੋਂ ਆਈ ਤਾਜ਼ਾ ਸਲਾਹ ਤੋਂ ਬਾਅਦ 10 ਜਨਵਰੀ 2022 ਤੋਂ, 5 ਤੋਂ 11 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਵਧਾ ਦਿੱਤਾ ਗਿਆ ਹੈ।

You must be logged in to post a comment Login