ਤਨਖਾਹ ਨਾ ਮਿਲਣ ‘ਤੇ 14 ਨੂੰ ਮਾਰਕੀਟ ਕਮੇਟੀ ਦਾ ਘੇਰਾਓ ਕਰਨਗੇ ਫਾਇਰਮੈਨ : ਰਾਜੇਸ਼ ਖਿਚੜ

ਸਿਰਸਾ, (ਸਤੀਸ਼ ਬਾਂਸਲ) – ਮਾਰਕੀਟ ਕਮੇਟੀ ਅਧੀਨ ਪੈਂਦੇ ਫਾਇਰ ਬ੍ਰਿਗੇਡ ਸਿਰਸਾ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਜ਼ਰਬੇ ਦੇ ਆਧਾਰ ’ਤੇ ਤਨਖਾਹ ਨਾ ਮਿਲਣ ਸਬੰਧੀ ਜਾਰੀ ਪ੍ਰੈਸ ਬਿਆਨ ਵਿੱਚ ਜ਼ਿਲ੍ਹਾ ਪ੍ਰਧਾਨ ਰਾਜੇਸ਼ ਖਿਚੜ ਅਤੇ ਸਕੱਤਰ ਰਾਜੇਸ਼ ਕੁਮਾਰ ਜਾਂਗੜਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਹ  ਇਸ ਮਸਲੇ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਵਿਕਾਸ ਸੇਤੀਆ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਇਸ ਗੱਲ ਨੂੰ ਕਰੀਬ 3 ਮਹੀਨੇ ਬੀਤ ਚੁੱਕੇ ਹਨ ਪਰ ਮੰਡੀਕਰਨ ਬੋਰਡ ਵੱਲੋਂ ਕੋਈ ਜਵਾਬ ਨਹੀਂ ਆਇਆ। ਜਦਕਿ ਉਨ੍ਹਾਂ ਨੂੰ ਡੀਸੀ ਰੇਟ ‘ਤੇ ਤਨਖਾਹ ਦਿੱਤੀ ਜਾ ਰਹੀ ਹੈ। ਡੀਸੀ ਨੇ ਖੁਦ ਫਾਇਰਮੈਨਾਂ ਦੇ ਤਜ਼ਰਬੇ ਦੇ ਆਧਾਰ ‘ਤੇ ਸਾਲ 2021 ਲਈ ਨਵੇਂ ਡੀਸੀ ਰੇਟ ਲਾਗੂ ਕਰ ਦਿੱਤੇ ਹਨ। ਇਸ ਸਬੰਧੀ ਉਹ ਦੋ ਵਾਰ ਡੀਸੀ ਨੂੰ ਵੀ ਮਿਲ ਚੁੱਕੇ ਹਨ ਅਤੇ ਡੀਸੀ ਨੇ ਪੱਤਰ-ਵਿਹਾਰ ਰਾਹੀਂ ਸਕੱਤਰ ਨੂੰ ਵੀ ਜਾਣੂ ਕਰਵਾਇਆ ਸੀ ਪਰ ਮਾਰਕੀਟ ਕਮੇਟੀ ਦੇ ਸਕੱਤਰ ਨੇ ਤਨਖਾਹ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜੋ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਹੈ। ਰਾਜੇਸ਼ ਕੁਮਾਰ ਨੇ ਕਿਹਾ ਕਿ 9 ਮਈ ਤੋਂ 24 ਮਈ 2018 ਤੱਕ ਫਾਇਰ ਸਰਵਿਸ ਐਂਡ ਮਿਊਂਸੀਪਲ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੱਦੇ ‘ਤੇ ਹੜਤਾਲ ਕੀਤੀ ਗਈ ਸੀ, ਇਸ ਨੂੰ ਸਰਕਾਰ ਨਾਲ ਹੋਏ ਸਮਝੌਤਾ ਕਰਕੇ ਡਿਊਟੀ ਪੀਰੀਅਡ ਮੰਨਿਆ ਜਾਵੇ। ਸਰਕਾਰ ਨੇ ਪੱਤਰ ਵੀ ਜਾਰੀ ਕਰ ਦਿੱਤਾ, ਪਰ ਰਾਣੀਆਂ, ਡੱਬਵਾਲੀ, ਕਾਲਾਂਵਾਲੀ, ਏਲਨਾਬਾਦ ਕਮੇਟੀਆਂ ਵਿੱਚ 16 ਦਿਨਾਂ ਦੀ ਤਨਖ਼ਾਹ ਦੇ ਦਿੱਤੀ ਗਈ, ਪਰ ਸਿਰਸਾ ਕਮੇਟੀ ਅਧੀਨ ਮੁਲਾਜ਼ਮਾਂ ਨੂੰ ਨਹੀਂ ਦਿੱਤੀ ਗਈ। ਵਾਰ-ਵਾਰ ਦਿੱਤੇ ਭਰੋਸੇ ਅਤੇ ਮਾਰਕੀਟ ਕਮੇਟੀ ਸਕੱਤਰ ਦੇ ਉਦਾਸੀਨ ਰਵੱਈਏ ਦੇ ਵਿਰੋਧ ਵਿੱਚ 14 ਫਰਵਰੀ ਨੂੰ ਮਾਰਕੀਟ ਕਮੇਟੀ ਸਕੱਤਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਜੇਕਰ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਉਸ ਲਈ ਸਕੱਤਰ ਜ਼ਿੰਮੇਵਾਰ ਹੋਣਗੇ।

You must be logged in to post a comment Login