ਵਿਧਾਇਕਾਂ ਤੇ ਮੰਤਰੀਆਂ ਦੀ ਰਿਹਾਇਸ਼ ਦਾ ਕਰਨਾ ਸੀ ਘਿਰਾਓ , ਪੁਲਿਸ ਨੇ ਰੋਕਿਆ
ਸਿਰਸਾ, (ਸਤੀਸ਼ ਬਾਂਸਲ)- ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਵਿਭਾਗ ਅਤੇ ਸਰਕਾਰ ਦੇ ਉਦਾਸੀਨ ਰਵੱਈਏ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਅੱਜ ਧਰਨੇ ਦੇ 63ਵੇਂ ਦਿਨ ਕਰਮਚਾਰੀਆਂ ਨੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨਾ ਸੀ ਪਰ ਪੁਲੀਸ ਨੇ ਮੁਲਾਜ਼ਮਾਂ ਨੂੰ ਭੂਮਨਸ਼ਾਹ ਚੌਕ ਵਿੱਚ ਬੈਰੀਕੇਡ ਲਾ ਕੇ ਰੋਕ ਲਿਆ, ਜਿੱਥੇ ਮੁਲਾਜ਼ਮਾਂ ਨੇ ਜਾਮ ਲਾ ਦਿੱਤਾ। ਇਸ ਦੇ ਨਾਲ ਹੀ ਸੜਕ ਜਾਮ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਧਰਨੇ ਦੀ ਪ੍ਰਧਾਨਗੀ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਸ਼ਕੁੰਤਲਾ ਜਾਗਲਾਨ ਨੇ ਕੀਤੀ। ਇਸ ਮੌਕੇ ਪ੍ਰੈਸ ਸਕੱਤਰ ਗਾਇਤਰੀ ਨੇ ਦੱਸਿਆ ਕਿ ਅੱਜ ਧਰਨੇ ਦਾ 63ਵਾਂ ਦਿਨ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁਲਾਜ਼ਮਾਂ ਨੇ ਵਿਧਾਇਕਾਂ ਤੇ ਮੰਤਰੀਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਭੂਮਨਸ਼ਾਹ ਚੌਕ ਵਿੱਚ ਬੈਰੀਕੇਡ ਲਾ ਕੇ ਰੋਕ ਲਿਆ, ਜਿੱਥੇ ਉਨ੍ਹਾਂ ਨੇ ਪੜਾਵ ਲਾ ਦਿੱਤਾ। ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਅਤੇ ਵਿਭਾਗ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਆਇਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਨਕਾਰਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵਿਭਾਗ ਪ੍ਰਧਾਨ ਮੰਤਰੀ ਵੱਲੋਂ ਐਲਾਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਵੀ ਟਾਲਾ ਵੱਟ ਰਹੇ ਹਨ। ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ ਹੈ ਪਰ ਕਿਸੇ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸੰਘਰਸ਼ 15 ਫਰਵਰੀ ਤੱਕ ਜਾਰੀ ਰਹੇਗਾ। ਜੇਕਰ ਇਸ ਤੋਂ ਬਾਅਦ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਉਹ ਅੰਦੋਲਨ ਨੂੰ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਣਗੇ। ਇਸ ਮੌਕੇ ਪ੍ਰੋਮਿਲਾ, ਅਨਸੂਇਆ , ਵੀਰਪਾਲ, ਦਰਸ਼ਨਾ, ਗੀਤਾਂਜਲੀ, ਸਮੈਸਤਾ ਸਮੇਤ ਸੈਂਕੜੇ ਮੁਲਾਜ਼ਮ ਹਾਜ਼ਰ ਸਨ।
You must be logged in to post a comment Login