‘ਆਪ’ ਦੀ ਸਰਕਾਰ ਬਣਨ ਤੋਂ ਰੋਕਣ ਲਈ ਅਕਾਲੀ, ਕਾਂਗਰਸੀ ਤੇ ਭਾਜਪਾ ਹੋਏ ਇਕੱਠੇ: ਕੇਜਰੀਵਾਲ

‘ਆਪ’ ਦੀ ਸਰਕਾਰ ਬਣਨ ਤੋਂ ਰੋਕਣ ਲਈ ਅਕਾਲੀ, ਕਾਂਗਰਸੀ ਤੇ ਭਾਜਪਾ ਹੋਏ ਇਕੱਠੇ: ਕੇਜਰੀਵਾਲ

ਬਠਿੰਡਾ, 18 ਫਰਵਰੀ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਸਮੁੱਚੀਆਂ ਵਿਰੋਧੀ ਧਿਰਾਂ ‘ਘਿਓ-ਖਿਚੜੀ’ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ, ਰਾਹੁਲ ਗਾਂਧੀ ਤੋਂ ਲੈ ਕੇ ਸੁਖਬੀਰ ਬਾਦਲ, ਅਮਰਿੰਦਰ ਸਿੰਘ, ਚਰਨਜੀਤ ਚੰਨੀ, ਨਵਜੋਤ ਸਿੱਧੂ ਇਕੱਠੇ ਹੋ ਕੇ ‘ਆਪ’ ਦੀ ਸਰਕਾਰ ਦੇ ਰਾਹ ’ਚ ਰੁਕਾਵਟ ਬਣ ਰਹੇ ਹਨ।ਇੱਥੇ ਪ੍ਰੈਸ ਕਾਨਫਰੰਸ ਦੌਰਾਨ ਵਿਰੋਧੀਆਂ ਵੱਲੋਂ ਉਨ੍ਹਾਂ ’ਤੇ ਦੇਸ਼ ਵਿਰੋਧੀ ਹੋਣ ਦੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੰਦਿਆਂ ਅਹਿਮ ਖੁਲਾਸਾ ਕੀਤਾ ਕਿ ਕੱਲ੍ਹ ਸ਼ਾਮ ਨੂੰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੇਰੇ ਖ਼ਿਲਾਫ਼ ਚਿੱਠੀ ਲਿਖ਼ਵਾਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਇੱਕ-ਦੋ ਦਿਨਾਂ ’ਚ ਆਈਐੱਨਏ ਮੇਰੇ ’ਤੇ ਕੇਸ ਰਜਿਸਟਰਡ ਕਰ ਸਕਦੀ ਹੈ। ਉਨ੍ਹਾਂ ਇਸ ਸੰਭਾਵੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਬੇਬੁਨਿਆਦ ਦੋਸ਼ਾਂ ਤਹਿਤ ਉਲਝਾਉਣ ਲਈ ਕੇਂਦਰ ਵੱਲੋਂ ਪਹਿਲਾਂ ਵੀ ਅਨੇਕਾਂ ਸਾਜ਼ਿਸ਼ਾਂ ਹੋਈਆਂ ਪਰ ਉਹ ਹਰ ਵਾਰ ਪਾਕਿ ਦਾਮਨ ਹੋ ਕੇ ਇਨ੍ਹਾਂ ਵਿੱਚੋਂ ਨਿਕਲਦੇ ਰਹੇ ਹਨ।

You must be logged in to post a comment Login