ਆਰ. ਟੀ. ਓਜ਼. ’ਤੇ ਹੁਣ ਤੱਕ ਬਾਦਲਾਂ ਦਾ ਦਬਦਬਾ, ਉਨ੍ਹਾਂ ਅਨੁਸਾਰ ਹੀ ਬਣ ਰਹੇ ਨੇ ਬੱਸਾਂ ਦੇ ਟਾਈਮ ਟੇਬਲ

ਆਰ. ਟੀ. ਓਜ਼. ’ਤੇ ਹੁਣ ਤੱਕ ਬਾਦਲਾਂ ਦਾ ਦਬਦਬਾ, ਉਨ੍ਹਾਂ ਅਨੁਸਾਰ ਹੀ ਬਣ ਰਹੇ ਨੇ ਬੱਸਾਂ ਦੇ ਟਾਈਮ ਟੇਬਲ
  • ਪੰਜਾਬ ਮੋਟਰ ਟਰਾਂਸਪੋਰਟ ਯੂਨੀਅਨ ਪੰਜਾਬ ਵਲੋਂ ਟਰਾਂਸਪੋਰਟ ਵਿਭਾਗ ਖਿਲਾਫ਼ ਰੋਸ ਪ੍ਰਦਰਸ਼ਨ
  • ਛੋਟੇ ਤੇ ਦਰਮਿਆਨੇ ਟਰਾਂਸਪੋਰਟਰਾਂ ਦੀ ਹੋਂਦ ਖਤਰਾ : ਗੋਗੀ ਟਿਵਾਣਾ
  • ਬੱਸਾਂ ਨਾਲ ਆਰ.ਟੀ.ਓ. ਦਫਤਰ ਘੇਰਨ ਦੀ ਦਿੱਤੀ ਚਿਤਾਵਨੀ

ਪਟਿਆਲਾ, 16 ਮਾਰਚ (ਕੰਬੋਜ)-ਪੰਜਾਬ ਮੋਟਰ ਟਰਾਂਸਪੋਰਟ ਯੂਨੀਅਨ ਵਲੋਂ ਟਰਾਂਸਪੋਰਟ ਵਿਭਾਗ ਖਾਸ ਕਰਕੇ ਪਟਿਆਲਾ ਦੇ ਆਰ. ਟੀ. ਓ. ਦੀਆਂ ਛੋਟੇ ਬੱਸ ਓਪਰੇਟਰਾਂ ਤੇ ਟਰਾਂਸਪੋਰਟਰ ਪ੍ਰਤੀ ਮਾਰੂ ਨੀਤੀਆਂ ਖਿਲਾਫ ਜ਼ਬਰਦਸਤ ਰੋਸ ਭਰਪੂਰ ਇਕੱਤਰਾ ਪ੍ਰਧਾਨ ਤੇਜ਼ਪਾਲ ਸਿੰਘ ਗੋਗੀ ਟਿਵਾਣਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ, ਜਿਸ ਵਿਚ ਸਮੁੱਚੇ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਟਰਾਂਸਪੋਰਟ ਯੂਨੀਅਨਾਂ ਦੇ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ ਅਤੇ ਛੋਟੇ ਬੱਸ ਓਪਰੇਟਰਜ਼ ਨੂੰ ਪੇਸ਼ ਆ ਰਹੀਆਂ ਅਹਿਮ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ ਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਸੜਕਾਂ ਜਾਮ ਕਰਨ ਦੀ ਚਿਤਾਵਨੀ ਦਿੱਤੀ।
ਪੰਜਾਬ ਮੋਟਰ ਟਰਾਂਸਪੋਰਟਰ ਯੂਨੀਅਨ ਨੇ ਸਬੰਧਤ ਪ੍ਰਸਾਸ਼ਨ ਤੇ ਟਰਾਂਸਪੋਰਟ ਵਿਭਾਗ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦਫਤਰਾਂ ਵਿਚ ਬੈਠੇ ਆਰ. ਟੀ. ਓਜ਼. ’ਤੇ ਹੁਣ ਤੱਕ ਬਾਦਲਾਂ ਦਾ ਦਬਾਅ ਹੈ ਤੇ ਪੁਰਾਣੀਆਂ ਨੀਤੀਆਂ ਅਨੁਸਾਰ ਹੀ ਬੱਸਾਂ ਦਾ ਗਲਤ ਟਾਈਮ ਟੇਬਲ ਬਣਾ ਰਹੇ ਹਨ, ਜਿਸ ਕਾਰਨ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮੀ ਝੱਲਣੀ ਪੈ ਸਕਦੀ ਹੈ। ਯੂਨੀਅਨ ਆਗੂ ਤੇਜ਼ਪਾਲ ਸਿੰਘ ਗੋਗੀ ਟਿਵਾਣਾ ਨੇ ਕਿਹਾ ਕਿ ਸਰਕਾਰ ਭਾਵੇਂ ਬਦਲ ਗਈ ਪੰਜਾਬ ਟਰਾਂਸਪੋਰਟ ਵਿਭਾਗ ਵਲੋਂ ਬੱਸਾਂ ਦੇ ਜਾਰੀ ਕੀਤੇ ਜਾਂਦੇ ਟਾਈਮ ਟੇਬਲ ਵਿਚ ਬਾਦਲਾਂ ਦਾ ਦਬਦਬਾ ਬਰਕਰਾਰ ਹੈ ਤੇ ਸਮੁੱਚੇ ਆਰ. ਟੀ. ਓਜ਼. ਉਨ੍ਹਾਂ ਪੱਖੀ ਨੀਤੀਆਂ ਹੀ ਲਾਗੂ ਕਰ ਰਹੇ ਹਨ, ਜੋ ਕਿ ਨਿਯਮਾਂ ਦੇ ਬਿਲਕੁਲ ਉਲਟ ਤਾਂ ਹੈ ਹੀ, ਬਲਕਿ ਇਸ ਨਾਲ ਛੋਟੇ ਤੇ ਦਰਮਿਆਨੇ ਟਰਾਂਸਪੋਰਟਰਾਂ ਨੂੰ ਬੇਹੱਦ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਡਰਾਈਵਰ, ਕੰਡਕਟਰ ਸਮੇਤ ਨਾਲ ਜੁੜੇ ਹੋਰ ਕਰਮਚਾਰੀਆਂ ਦੀਆਂ ਤਨਖਾਹਾਂ ਕੱਢਣੀਆਂ ਵੀ ਮੁਸ਼ਕਿਲ ਹੋਈਆਂ ਪਈਆਂ ਹਨ। ਗੋਗੀ ਟਿਵਾਣਾ ਨੇ ਕਿਹਾ ਕਿ ਪਟਿਆਲਾ ਦੇ ਆਰ. ਟੀ. ਓ. ਨੇ ਬਾਦਲਾਂ ਦੀ ਚਮਚੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਥੇ ਬੱਸਾਂ ਦੀ ਲੋੜ ਨਹੀਂ ਉਥੇ ਵੀ ਟਾਈਮ ਟੇਬਲ ਬਣਾਏ ਜਾ ਰਹੇ ਹਨ ਤੇ ਬਾਦਲ ਦੀਆਂ ਬੱਸਾਂ ਨੂੰ ਲਾਭ ਪਹੁੰਚਾਉਣ ਦੇ ਚੱਕਰ ਵਿਚ ਸ਼ਰੇਆਮ ਗਲਤ ਟਾਈਮ ਟੇਬਲ ਸੈਟ ਕੀਤੇ ਜਾ ਰਹੇ ਹਨ। ਪਟਿਆਲਾ ਵਿਜ ਸਰਕਾਰ ਤੇ ਛੋਟੇ ਟਰਾਂਸਪੋਰਟਰਾਂ ਨੂੰ ਗੁੰਮਰਾਹ ਕਰਕੇ ਤੇ ਗਲਤ ਹਵਾਲੇ ਦੇ ਕੇ ਸ਼ਰੇਆਮ ਟਾਈਮ ਟੇਬਲਾਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿਚ ਟਾਈਮ ਟੇਬਲ ਦੇ ਨਿਯਮ ਹੋਰ ਹਨ, ਜਿਸ ਨਾਲ ਛੋਟੇ ਟਰਾਂਸਪੋਰਟਰਾਂ ਨੂੰ ਵੱਡਾ ਆਰਥਿਕ ਘਾਟਾ ਸਹਿਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਜਾਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਉਹ ਸਮੁੱਚੇ  ਪੰਜਾਬ ਵਿਚ ਬੱਸਾਂ ਦਾ ਚੱਕਾ ਜਾਮ ਕਰਨਗੇ, ਸਾਰੀਆਂ ਬੱਸਾਂ ਆਰ. ਟੀ. ਓਜ਼. ਦੇ ਦਫਤਰਾਂ ਦੇ ਬਾਹਰ ਲਗਾ ਕੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ‘ਆਪ’ ਦੀ ਨਵੀਂ ਬਣੀ ਸਰਕਾਰ ਦੀ ਹੋਵੇਗੀ ਤੇ ਉਸ ਨੂੰ ਵੱਡੀ ਬਦਨਾਮੀ ਝੱਲਣੀ ਪਵੇਗੀ। ਇਸ ਮੌਕੇ ਤੇਜ਼ਪਾਲ ਸਿੰਘ ਗੋਗੀ ਟਿਵਾਣਾ ਪ੍ਰਧਾਨ, ਜਸਵਿੰਦਰ ਗਰੇਵਾਲ, ਪ੍ਰਧਾਨ ਮਿੰਨੀ ਬੱਸ ਓਪਰੇਟਰ ਯੂਨੀਅਨ, ਹਰਪ੍ਰੀਤ ਸਿੰਘ ਗੋਗੀ, ਜਗਤਾਰ ਸਿੰਘ ਫਤਿਹਗੜ੍ਹ ਬੱਸ, ਅਮਰਿੰਦਰ ਸਿੰਘ, ਕਰਨਵੀਰ ਸਿੰਘ ਬਰਨਾਲਾ ਟਰਾਂਸਪੋਰਟ ਪ੍ਰਧਾਨ, ਆਰ. ਐਸ. ਬਾਜਵਾ, ਗੁਰਪ੍ਰੀਤ ਸਿੰਘ ਹਾਈਵੇ ਬੱਸ, ਦਰਸ਼ਨ ਸਿੰਘ ਟਿਵਾਣਾ, ਰੂਬੀ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਤੋਂ ਟਰਾਂਸਪੋਰਟਰ ਯੂਨੀਅਨਾਂ ਦੇ ਪ੍ਰਧਾਨ ਹਾਜ਼ਰ ਸਨ।

ਟਰਾਂਸਪੋਰਟ ਵਿਭਾਗ ਤੇ ਪਟਿਆਲਾ ਦੇ ਆਰ. ਟੀ. ਓਜ਼. ਖਿਲਾਫ ਆਪਣਾ ਪ੍ਰਦਰਸ਼ਨ ਜ਼ਾਹਿਰ ਕਰਦੇ ‘ਪੰਜਾਬ ਮੋਟਰ ਟਰਾਂਸਪੋਰਟ ਯੂਨੀਅਨ’ ਦੇ ਆਗੂ, ਨਾਲ ਹਨ ਤੇਜ਼ਪਾਲ ਸਿੰਘ ਗੋਗੀ ਟਿਵਾਣਾ ਤੇ ਹੋਰ।

You must be logged in to post a comment Login